ਮਾਨਸਾ(ਜੱਸਲ)— ਜਾਖਲ ਮੰਡੀ ਤੋਂ ਸਮੈਕ ਲਿਆ ਕੇ ਉਸ ਦੀ ਵਰਤੋਂ ਕਰਨ ਅਤੇ ਉਸ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਥਾਣਾ ਸਿਟੀ-1 ਮਾਨਸਾ ਦੀ ਪੁਲਸ ਨੇ ਉਨ੍ਹਾਂ ਕੋਲੋਂ 45 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਕਾਬੂ ਕੀਤੇ ਚਾਰ ਵਿਅਕਤੀਆਂ ਦੇ ਖਿਲਾਫ ਦੋ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਗਏ ਹਨ। ਸੂਚਨਾ ਮਿਲਣ 'ਤੇ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਚਕੇਰੀਆਂ ਪੁਲ ਲਾਗਿਉਂ ਮੋਟਰਸਾਈਕਲ ਸਵਾਰ ਵਰਿੰਦਰ ਕੁਮਾਰ ਪੁੱਤਰ ਤੇਲੂ ਰਾਮ ਅਤੇ ਦੀਪਕ ਪੁੱਤਰ ਸੱਤਪਾਲ ਸੇਠੀ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 35 ਗਰਾਮ ਸਮੈਕ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਦਲੇਰ ਸਿੰਘ ਨੇ ਡੀਏਵੀ ਸਕੂਲ ਮਾਨਸਾ ਲਾਗਿਉਂ ਰਜਤ ਕੁਮਾਰ ਉਰਫ਼ ਮਾਦੀ ਪੁੱਤਰ ਬਲਦੇਵ ਸਿੰਘ, ਭਾਰਤ ਪੁੱਤਰ ਮਦਨ ਲਾਲ ਵਾਸੀ ਜੋਤਾਂਵਾਲੀ ਗਲੀ ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਗਰਾਮ ਸਮੈਕ ਬਰਾਮਦ ਕੀਤੀ ਹੈ।
ਥਾਣਾ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਹ ਵਿਅਕਤੀ ਜਾਖਲ ਮੰਡੀ ਤੋਂ ਸਮੈਕ ਲਿਆ ਕੇ ਉਸ ਦੀਆਂ ਪੁੜੀਆਂ ਬਣਾ ਕੇ ਉਸ ਨੂੰ ਅੱਗੇ ਵੇਚਦੇ ਸਨ ਅਤੇ ਖੁਦ ਵੀ ਨਸ਼ੇ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ
ਉਕਤ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਸਮੈਕ ਸਮੇਤ ਫੜੇ ਗਏ ਉਕਤ ਵਿਅਕਤੀਆਂ ਤੋਂ ਇਲਾਵਾ ਵਾਟਰ ਵਰਕਸ ਰੋਡ ਸਥਿਤ ਇਕ ਘਰ ਵਿਚ ਵੜ ਕੇ ਚਾਕੂ ਦੀ ਨੋਕ 'ਤੇ ਨਗਦੀ ਲੁੱਟਣ ਵਾਲੇ ਨੌਜਵਾਨ ਰਿਪਨਦੀਪ ਸਿੰਘ ਵਾਸੀ ਚਕੇਰੀਆਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਇਲਾਵਾ ਜੋਗਾ ਪੁਲਿਸ ਨੇ ਪਿੰਡ ਉਭਾ ਤੋਂ ਗੁਰਲਾਲ ਸਿੰਘ ਵਾਸੀ ਉਭਾ ਨੂੰ ਕਾਬੂ ਕਰਕੇ ਉਸ ਕੋਲੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਕੋਟਧਰਮੂੰ ਪੁਲਸ ਨੇ ਪਿੰਡ ਦੂਲੋਵਾਲ ਤੋਂ ਬਲਜਿੰਦਰ ਸਿੰਘ ਉਰਫ਼ ਬੀਰੀ ਵਾਸੀ ਦੂਲੋਵਾਲ ਨੂੰ ਕਾਬੂ ਕਰਕੇ ਉਸ ਕੋਲੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
70 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਇਕ ਗ੍ਰਿਫਤਾਰ
NEXT STORY