ਪਾਤੜਾਂ (ਮਾਨ) - ਪੰਜਾਬ ਵਿਚ 10 ਸਾਲ ਸੱਤਾ 'ਤੇ ਕਾਬਜ਼ ਰਹੇ ਅਕਾਲੀਆਂ ਨੇ ਸੂਬਾ ਦੇ ਅਖੌਤੀ ਵਿਕਾਸ ਲਈ ਖਜ਼ਾਨਾ ਖਾਲੀ ਕਰ ਕੇ ਰੱਖ ਦਿੱਤਾ ਸੀ। ਇਸ ਮਗਰੋਂ ਕਾਂਗਰਸ ਲਈ ਚੁਣੌਤੀਆਂ ਭਰੇ ਦਿਨ ਸਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਕਾਲੀਆਂ ਵੱਲੋਂ ਕੱਖੋਂ ਹੌਲੇ ਕੀਤੇ ਰਾਜ ਦੇ ਲੋਕਾਂ ਦੇ ਦੁੱਖ ਦੂਰ ਕਰਨ ਦਾ ਜੋ ਵਾਅਦਾ ਲੋਕਾਂ ਨਾਲ ਕੀਤਾ ਸੀ, ਉਨ੍ਹਾਂ ਨੂੰ ਪੂਰਾ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਨਗਰ ਕੌਂਸਲ ਦਫ਼ਤਰ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਿਧਾਇਕ ਨਿਰਮਲ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਤੇ ਕਰਨੀ ਦੇ ਪੱਕੇ ਹਨ। ਉਨ੍ਹਾਂ ਜੋ ਵਾਅਦੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਕਾਂਗਰਸ ਪੂਰੀ ਤਰ੍ਹਾਂ ਵਚਨਬੱਧ ਹੈ। ਕਰਜ਼ਾਈ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਹਰ ਘਰ ਵਿਚ ਨੌਕਰੀ ਤੇ ਸਮਾਰਟ ਫੋਨ ਵਰਗੇ ਵਾਅਦਿਆਂ ਨੂੰ ਪੂਰਾ ਕਰ ਕੇ ਨਾ ਸਿਰਫ਼ ਅਕਾਲੀਆਂ ਨੂੰ ਅਹਿਸਾਸ ਕਰਵਾਇਆ ਜਾਵੇਗਾ, ਸਗੋਂ ਸੂਬੇ ਨੂੰ ਖੁਸ਼ਹਾਲੀ ਦਾ ਰਾਹ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਦੇ ਬੁਨਿਆਦੀ ਵਿਕਾਸ ਲਈ ਖਜ਼ਾਨੇ ਦਾ ਮੂੰਹ ਖੋਲ੍ਹਦਿਆਂ ਫੰਡ ਜਾਰੀ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਹਲਕਾ ਸ਼ੁਤਰਾਣਾ ਦੇ ਪਿੰਡਾਂ ਦੀ ਸੰਪਰਕ ਸੜਕਾਂ ਦੀ ਮੁਰੰਮਤ ਲਈ 6 ਕਰੋੜ ਤੇ ਨਗਰ ਪੰਚਾਇਤ ਘੱਗਾ ਨੂੰ ਵਿਕਾਸ ਕਾਰਜਾਂ ਲਈ ਡੇਢ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਨਾਲ ਟੁੱਟ ਚੁੱਕੀਆਂ ਤੇ 6 ਸਾਲ ਤੋਂ ਵੱਧ ਸਮਾਂ ਪਹਿਲਾਂ ਮੁਰੰਮਤ ਕੀਤੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਅਧਾਰ 'ਤੇ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਜੀਤ ਅਰੋੜਾ ਬਿੱਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਬਾਬੂ ਤਰਸੇਮ ਚੰਦ ਬਾਂਸਲ ਤੇ ਇਕਬਾਲ ਸਿੰਘ ਬਿੱਟੂ ਔਜਲਾ ਆਦਿ ਹਾਜ਼ਰ ਸਨ।
ਪੰਜਾਬ ਵਿਧਾਨ ਸਭਾ ਕਮੇਟੀ ਮੈਂਬਰਾਂ ਵੱਲੋਂ ਜੰਗਲਾਤ ਬੀੜ ਦਾ ਨਿਰੀਖਣ
NEXT STORY