ਸੰਗਤ ਮੰਡੀ (ਮਨਜੀਤ) - ਥਾਣਾ ਨੰਦਗੜ੍ਹ ਦੇ ਮੁਖੀ ਪਰਮਿੰਦਰ ਸਿੰਘ ਸੇਖੋ ਵੱਲੋਂ 19 ਦਿਨ ਪਹਿਲਾਂ ਨੰਦਗੜ੍ਹ ਰਜਬਾਹੇ 'ਚ ਤੈਰਦੀ ਆਈ ਲਾਸ਼ ਦੀ ਗੁੱਥੀ ਸੁਲਝਾਦਿਆਂ ਪਤੀ-ਪਤਨੀ ਸਮੇਤ ਅੱਠ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਸੰਬੰਧੀ ਥਾਣਾ ਮੁਖੀ ਪਰਮਿੰਦਰ ਸਿੰਘ ਸੇਖੋ ਨੇ ਜਾਣਕਾਰੀ ਦਿੰਦਿਆਂ ਕਿ 14 ਫਰਵਰੀ ਨੂੰ ਤਿਉਣਾ ਰਜਬਾਹੇ 'ਚ ਨੰਦਗੜ੍ਹ ਕੋਲ ਇਕ ਤੈਰਦੀ ਹੋਈ ਲਾਸ਼ ਆਈ ਸੀ, ਜਿਸ ਦੀ ਸ਼ਨਾਖਤ ਜਸਵਿੰਦਰ ਸਿੰਘ ਉਰਫ਼ ਫੌਜ਼ੀ ਪੁੱਤਰ ਮਲਕੀਤ ਸਿੰਘ ਵਾਸੀ ਬਠਿੰਡਾ ਦੇ ਨਾਂ ਤੋਂ ਹੋਈ ਸੀ।ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ ਵੇਖ ਕੇ ਉਸ ਸਮੇਂ ਸ਼ੱਕ ਹੋ ਗਿਆ ਸੀ ਕਿ ਇਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ।ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕਰਨ ਦਾ ਫੈਸਲਾ ਕੀਤਾ।ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੇ ਗੁਆਂਢ 'ਚ ਰਾਣੀ ਕੌਰ ਪਤਨੀ ਜਗਤਾਰ ਸਿੰਘ ਰਹਿੰਦੀ ਸੀ। ਰਾਣੀ ਕੌਰ ਦੀ ਨੂੰਹ ਸ਼ੀਲੋ ਗੁੱਸੇ ਹੋ ਕੇ ਪਰਸ ਰਾਮ ਨਗਰ 'ਚ ਰਹਿੰਦੀ ਆਪਣੀ ਸਹੇਲੀ ਪੰਮੀ ਕੌਰ ਕੋਲ ਚੱਲੀ ਗਈ ਸੀ ਪਰ ਪੰਮੀ ਨੇ ਸ਼ੀਲੋ ਨੂੰ ਜਸਵਿੰਦਰ ਫੌਜ਼ੀ ਦੇ ਘਰ ਭੇਜ ਦਿੱਤਾ। ਰਾਣੀ ਕੌਰ ਨੂੰ ਸ਼ੱਕ ਹੋ ਗਿਆ ਕਿ ਜਸਵਿੰਦਰ ਫੌਜ਼ੀ ਤੇ ਪੰਮੀ ਨੇ ਹੀ ਉਸ ਦੀ ਨੂੰਹ ਨੂੰ ਕਿਸੇ ਪਾਸੇ ਭੇਜ ਦਿੱਤਾ। ਇਸ ਰੰਜ਼ਿਸ਼ ਕਾਰਨ ਰਾਣੀ ਕੌਰ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਜਸਵਿੰਦਰ ਫੌਜ਼ੀ ਤੇ ਪੰਮੀ ਕੌਰ ਨੂੰ ਘਰੋ ਚੁੱਕ ਲਿਆ। ਉਕਤ ਵਿਅਕਤੀ ਨੇ ਸਾਰੀ ਰਾਤ ਫੌਜ਼ੀ ਤੇ ਪੰਮੀ ਦੀ ਕੁੱਟਮਾਰ ਕੀਤੀ, ਜਿਸ ਕਾਰਨ ਜਸਵਿੰਦਰ ਦੀ ਮੌਤ ਹੋ ਗਈ।
ਰਾਣੀ ਕੌਰ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ। ਉਸ ਦੀ ਲਾਸ਼ ਤੈਰਦੀ ਹੋਈ ਨੰਦਗੜ੍ਹ ਪਹੁੰਚ ਗਈ ਤੇ ਰਜਬਾਹੇ 'ਚ ਪਾਣੀ ਘੱਟ ਹੋਣ ਕਾਰਨ ਉਪਰ ਆ ਗਈ। ਪੁਲਸ ਨੇ ਮ੍ਰਿਤਕ ਜਸਵਿੰਦਰ ਦੀ ਭੈਣ ਗੁਰਵਿੰਦਰ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਬਠਿੰਡਾ ਦੇ ਬਿਆਨਾਂ ਦੇ ਆਧਾਰ 'ਤੇ ਜਗਦੀਪ ਸਿੰਘ ਪੁੱਤਰ ਪੂਰਨ ਸਿੰਘ, ਗੁਰਪ੍ਰੀਤ ਕੌਰ ਪਤਨੀ ਜਗਦੀਪ ਸਿੰਘ, ਰਾਜਾ ਸਿੰਘ ਪੁੱਤਰ ਨਾਇਬ ਸਿੰਘ, ਰਾਣੀ ਕੌਰ ਪਤਨੀ ਜਗਤਾਰ ਸਿੰਘ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ, ਪਰਮ ਕੌਰ ਅਤੇ ਚੰਦੂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ : ਨੈਸ਼ਨਲ ਹਾਈਵੇ 'ਤੇ ਕਾਰ ਤੇ ਟਰੱਕ ਦੀ ਭਿਆਨਕ ਟੱਕਰ, ਬੱਚੇ ਦੀ ਮੌਤ
NEXT STORY