ਰਈਆ, (ਦਿਨੇਸ਼, ਹਰਜੀਪ੍ਰੀਤ)- ਪੰਜਾਬ ਰਿਟੇਲਰ ਕਰਿਆਨਾ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਦਾ ਇਕ ਵਫਦ ਜ਼ਿਲਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ ਦੀ ਅਗਵਾਈ ਹੇਠ ਜ਼ਿਲਾ ਸਿਹਤ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੂੰ ਮਿਲਿਆ, ਜਿਸ ਵਿਚ ਕਾਮਰੇਡ ਬੂਟਾ ਰਾਮ, ਸੰਦੀਪ ਗੁਪਤਾ ਅੰਮ੍ਰਿਤਸਰ, ਪਵਨ ਵਿੱਗ, ਰਜਿੰਦਰ ਕੁਮਾਰ, ਤਰਸੇਮ ਜੋਸ਼ੀ, ਸੁਖਦੇਵ ਸਿੰਘ ਬਾਬਾ ਬਕਾਲਾ, ਹਰੀਸ਼ ਕੁਮਾਰ ਬਿਆਸ, ਸੁਰਿੰਦਰ ਸਿੰਘ ਜੰਡਿਆਲਾ ਗੁਰੂ, ਅਮਰ ਰਾਵਤ ਮਹਿਤਾ ਆਦਿ ਸ਼ਾਮਲ ਸਨ।
ਇਸ ਮੌਕੇ ਵਫਦ ਨੇ ਜ਼ਿਲਾ ਸਿਹਤ ਅਫਸਰ ਦੁਆਰਾ ਮਿਲਾਵਟ ਖਿਲਾਫ ਛੇੜੀ ਗਈ ਮੁਹਿੰਮ ਵਿਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ 'ਤੇ ਅਜਿਹਾ ਕੋਈ ਸਾਮਾਨ ਨਾ ਵੇਚਣ ਜੋ ਉਨ੍ਹਾਂ ਦੇ ਆਪਣੇ ਖਾਣ ਯੋਗ ਨਾ ਹੋਵੇ। ਉਨ੍ਹਾਂ ਭਾਗੋਵਾਲੀਆ ਨੂੰ ਅਪੀਲ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਤੰਗ ਕਰਨ ਦੀ ਬਜਾਏ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ, ਜੋ ਮਿਲਾਵਟ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮਿਲਾਵਟ ਤਾਂ ਉਥੇ ਹੁੰਦੀ ਹੈ ਜਿਥੇ ਮਾਲ ਤਿਆਰ ਹੁੰਦਾ ਹੈ, ਅਸੀਂ ਤਾਂ ਬਣਿਆ-ਬਣਾਇਆ ਮਾਲ ਲਿਆ ਕੇ ਵੇਚਦੇ ਹਾਂ, ਇਸ ਲਈ ਜੇਕਰ ਮਿਲਾਵਟ ਵਾਲਾ ਮਾਲ ਤਿਆਰ ਹੀ ਨਹੀਂ ਹੋਵੇਗਾ ਤਾਂ ਦੁਕਾਨਦਾਰ ਕਿਥੋਂ ਲਿਆ ਕੇ ਵੇਚਣਗੇ।
ਉਨ੍ਹਾਂ ਕਿਹਾ ਕਿ ਅਕਸਰ ਹੀ ਵੱਡੀਆਂ ਫੈਕਟਰੀਆਂ ਪਹੁੰਚ ਵਾਲੇ ਲੋਕਾਂ ਦੀਆਂ ਹੁੰਦੀਆਂ ਹਨ ਤੇ ਉਹ ਆਪਣੀ ਪਹੁੰਚ ਸਦਕਾ ਬਚ ਨਿਕਲਦੇ ਹਨ ਤੇ ਛੋਟੇ ਦੁਕਾਨਦਾਰ ਬਲੀ ਦਾ ਬੱਕਰਾ ਬਣ ਜਾਂਦੇ ਹਨ। ਇਹ ਸਾਰੀਆਂ ਗੱਲਾਂ ਧਿਆਨ ਨਾਲ ਸੁਣਦੇ ਹੋਏ ਸ. ਭਾਗੋਵਾਲੀਆ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਛੋਟੇ ਦੁਕਾਨਦਾਰਾਂ ਨੂੰ ਬਿਲਕੁਲ ਤੰਗ ਨਹੀਂ ਕੀਤਾ ਜਾਵੇਗਾ, ਸਿਰਫ ਉਸੇ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਵੇਗੀ ਜੋ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਦੁਕਾਨਦਾਰ ਸਾਫ-ਸੁਥਰਾ ਸਾਮਾਨ ਵੇਚਣ ਤੇ ਰਜਿਸਟਰਡ ਹੋਣ।
ਗੁਟਕਾ ਸਾਹਿਬ 'ਤੇ ਸੀਮੈਂਟ ਦੀ ਮਸ਼ਹੂਰੀ ਛਾਪਣ ਦਾ ਫੈੱਡਰੇਸ਼ਨ ਮਹਿਤਾ ਨੇ ਲਿਆ ਸਖਤ ਨੋਟਿਸ
NEXT STORY