ਜਲੰਧਰ (ਵਰੁਣ)- ਪੰਜਾਬ 'ਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜਲੰਧਰ ਦੇ ਬੁਲੰਦਪੁਰ ਰੋਡ ’ਤੇ ਸਥਿਤ ਪਰਸ਼ੂਰਾਮ ਨਗਰ ਵਿਚ ਐਤਵਾਰ ਦੇਰ ਰਾਤ ਵਿਆਹ ਸਮਾਰੋਹ ਵਿਚ ਇਕ ਵਿਅਕਤੀ ਦਾ ਗੱਡੀ ਚੜ੍ਹਾ ਕੇ ਕਤਲ ਕਰ ਦਿੱਤਾ ਗਿਆ। ਜਿਸ ਵਿਅਕਤੀ ਦਾ ਕਤਲ ਕੀਤਾ ਗਿਆ, ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਵਿਆਹ ਸਮਾਰੋਹ ਵਿਚ ਬਿਨ-ਬੁਲਾਏ ਮਹਿਮਾਨ ਨੂੰ ਸ਼ਰਾਬ ਦੇ ਨਸ਼ੇ ਵਿਚ ਡਾਂਸ ਕਰਨ ਤੋਂ ਰੋਕਿਆ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਫੋਕਲ ਪੁਆਇੰਟ ਚੌਕੀ ਦੀ ਪੁਲਸ ਨੇ ਲੱਗਭਗ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਦੌਰਾਨ ਵੱਡੀ ਗਿਣਤੀ 'ਚ ਰੱਦ ਹੋਈਆਂ ਟ੍ਰੇਨਾਂ, ਰੇਲ ਮੰਡਲ ਨੂੰ Refund ਕਰਨੇ ਪਏ 651370 ਰੁਪਏ
ਜਾਣਕਾਰੀ ਅਨੁਸਾਰ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ 43 ਸਾਲਾ ਅਮਰ ਦੀ ਰਿਸ਼ਤੇਦਾਰੀ ਵਿਚ ਹੀ ਇਲਾਕੇ ਵਿਚ ਵਿਆਹ ਸਮਾਰੋਹ ਚੱਲ ਰਿਹਾ ਸੀ। ਡੀ.ਜੇ. ’ਤੇ ਸਾਰੇ ਰਿਸ਼ਤੇਦਾਰ ਡਾਂਸ ਕਰ ਰਹੇ ਸਨ। ਇਸੇ ਦੌਰਾਨ ਰਾਤ ਲੱਗਭਗ 11 ਵਜੇ ਦੇ ਕਰੀਬ ਗੁਆਂਢ ਵਿਚ ਹੀ ਰਹਿਣ ਵਾਲਾ ਮੋਹਨ ਸ਼ਰਾਬ ਪੀ ਕੇ ਡਾਂਸ ਕਰਨ ਆ ਪਹੁੰਚਿਆ। ਉਸ ਨੇ ਡਾਂਸ ਕਰਦਿਆਂ-ਕਰਦਿਆਂ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅਮਰ ਨੇ ਉਸ ਦਾ ਵਿਰੋਧ ਕੀਤਾ ਅਤੇ ਵਿਆਹ ਦੇ ਪੰਡਾਲ ਵਿਚੋਂ ਬਾਹਰ ਜਾਣ ਲਈ ਕਿਹਾ।
ਇਸ ਗੱਲ ਤੋਂ ਗੁੱਸੇ ਵਿਚ ਆ ਕੇ ਮੋਹਨ ਨੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਅਤੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਦੁਬਾਰਾ ਵਿਆਹ ਦੇ ਪੰਡਾਲ ਵਿਚ ਸਾਥੀਆਂ ਸਮੇਤ ਆ ਪਹੁੰਚਿਆ, ਜਿਨ੍ਹਾਂ ਨੇ ਅਮਰ ਸਮੇਤ ਹੋਰਨਾਂ ਰਿਸ਼ਤੇਦਾਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਆਹ ਵਿਚ ਸ਼ਾਮਲ ਹੋਏ ਰਿਸ਼ਤੇਦਾਰ ਜਦੋਂ ਵਿਰੋਧ ਕਰਨ ਲੱਗੇ ਤਾਂ ਮੋਹਨ, ਰਾਜਵੀਰ ਦੋਵੇਂ ਨਿਵਾਸੀ ਪਰਸ਼ੂਰਾਮ ਨਗਰ, ਗਗਨ ਗੱਗੀ ਅਤੇ ਕੁਝ ਅਣਪਛਾਤੇ ਨੌਜਵਾਨ ਆਪਣੀ ਸਵਿਫਟ ਗੱਡੀ ਵਿਚ ਬੈਠੇ ਅਤੇ ਫਿਰ ਤੇਜ਼ੀ ਨਾਲ ਗੱਡੀ ਭੀੜ ਵਿਚ ਵਾੜ ਦਿੱਤੀ।
ਇਸ ਦੌਰਾਨ ਜਾਣਬੁੱਝ ਕੇ ਮੁਲਜ਼ਮਾਂ ਨੇ ਅਮਰ ’ਤੇ ਗੱਡੀ ਚੜ੍ਹਾ ਦਿੱਤੀ ਅਤੇ ਉਸ ਨੂੰ ਕੁਚਲ ਕੇ ਫ਼ਰਾਰ ਹੋ ਗਏ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ ਦੇ ਬਾਅਦ ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਪੁਲਸ ਨੇ ਮੋਹਨ, ਗਗਨ ਉਰਫ ਗੱਗੀ, ਰਾਜਵੀਰ ਸਿੰਘ ਸਮੇਤ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਗੁਰਮੁੱਖ ਸਿੰਘ ਨੇ ਕਿਹਾ ਕਿ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕਰ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਆਂਦਾ ਜਾ ਸਕਦੈ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੈਣ ਨਾਲ ਰਿਸ਼ਤਾ ਕਰਵਾਉਣ ਦੇ ਬਹਾਨੇ ਸੱਦ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ
NEXT STORY