ਧੂਰੀ, (ਸੰਜੀਵ ਜੈਨ)- ਇਕ ਆੜ੍ਹਤੀ ਦੇ ਮੁਨੀਮ ਨੇ ਆੜ੍ਹਤੀ ਦੇ ਲਾਕਰ 'ਚੋਂ ਕਿਸਾਨਾਂ ਦੇ ਚੈੱਕ ਚੋਰੀ ਕਰ ਕੇ 83.5 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣਾ ਸਿਟੀ ਧੂਰੀ ਵਿਖੇ ਦਰਜ ਕੀਤੇ ਗਏ ਇਸ ਮਾਮਲੇ ਅਨੁਸਾਰ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ (ਧੂਰੀ) ਸਥਾਨਕ ਅਨਾਜ ਮੰਡੀ ਵਿਖੇ ਆੜ੍ਹਤੀ ਚਰਣਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਫਰਮ ਮੈਸ. ਬਲਵੀਰ ਸਿੰਘ ਰਾਜਿੰਦਰ ਸਿੰਘ 'ਤੇ ਪਾਰਟ ਟਾਈਮ ਮੁਨੀਮ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਨੇ ਫਰਮ ਦੇ ਲਾਕਰ ਵਿਚ ਪਏ ਕਈ ਕਿਸਾਨਾਂ ਦੇ ਚੈੱਕ ਚੋਰੀ ਕਰ ਲਏ ਸਨ। ਇਨ੍ਹਾਂ ਕਿਸਾਨਾਂ ਦੀਆਂ ਬੈਂਕ 'ਚ ਲਿਮਟਾਂ ਬਣੀਆਂ ਹੋਈਆਂ ਹੋਣ ਕਾਰਨ ਇਹ ਦਸਤਖਤ ਕੀਤੇ ਹੋਏ ਚੈੱਕ ਆੜ੍ਹਤੀ ਦੇ ਕੋਲ ਲਾਕਰ ਵਿਚ ਪਏ ਸਨ। ਮੁਨੀਮ ਸਤਨਾਮ ਸਿੰਘ ਨੇ ਇਨ੍ਹਾਂ ਚੋਰੀ ਕੀਤੇ ਹੋਏ ਚੈੱਕਾਂ ਰਾਹੀਂ 3 ਨਵੰਬਰ 2017 ਨੂੰ ਪੀੜਤ ਰਾਜਿੰਦਰ ਸਿੰਘ ਦੇ ਖਾਤੇ 'ਚੋਂ 23 ਲੱਖ ਰੁਪਏ, ਹਰਦੇਵ ਸਿੰਘ ਦੇ ਖਾਤੇ 'ਚੋਂ 18 ਲੱਖ ਰੁਪਏ, ਜਰਨੈਲ ਸਿੰਘ ਦੇ ਖਾਤੇ 'ਚੋਂ 18 ਲੱਖ ਰੁਪਏ ਅਤੇ ਬਲਵਿੰਦਰ ਸਿੰਘ ਦੇ ਖਾਤੇ 'ਚੋਂ 24.50 ਲੱਖ ਰੁਪਏ ਆਪਣੇ ਖਾਤੇ 'ਚ ਟਰਾਂਸਫਰ ਕਰ ਲਏ। ਸ਼ਿਕਾਇਤਕਰਤਾ ਆੜ੍ਹਤੀ ਦੇ ਮੁਤਾਬਕ ਮੁਲਜ਼ਮ ਨੇ ਇਨ੍ਹਾਂ ਇਸਤੇਮਾਲ ਕਰ ਲਏ ਚੈੱਕਾਂ ਤੋਂ ਇਲਾਵਾ ਦੋ ਹੋਰ ਕਿਸਾਨਾਂ ਦੇ ਖਾਲੀ ਚੈੱਕ ਵੀ ਚੋਰੀ ਕੀਤੇ ਹਨ। ਬੈਂਕ 'ਚ ਦੋ ਦਿਨ ਦੀ ਛੁੱਟੀ ਹੋਣ ਕਾਰਨ ਮੁਨੀਮ ਦੀ ਇਸ ਠੱਗੀ ਦਾ ਪੀੜਤਾਂ ਨੂੰ ਪਤਾ ਨਹੀਂ ਲੱਗ ਸਕਿਆ ਸੀ। ਜੱਦ ਬੈਂਕ ਖੁੱਲ੍ਹਣ 'ਤੇ ਇਨ੍ਹਾਂ ਪੀੜਤਾਂ ਨੂੰ ਆਪਣੇ ਖਾਤਿਆਂ 'ਚੋਂ ਰਕਮ ਮੁਲਜ਼ਮ ਦੇ ਖਾਤੇ 'ਚ ਟਰਾਂਸਫਰ ਹੋਣ ਦਾ ਪਤਾ ਲੱਗਿਆ ਤਾਂ ਆੜ੍ਹਤੀ ਵੱਲੋਂ ਆਪਣਾ ਰਿਕਾਰਡ ਚੈੱਕ ਕਰਨ 'ਤੇ ਉਕਤ ਠੱਗੀ ਸਾਹਮਣੇ ਆਈ।
ਸ਼ਿਕਾਇਤਕਰਤਾ ਨੇ ਮੁਲਜ਼ਮ ਵੱਲੋਂ ਪਾਰਟ ਟਾਈਮ ਨੌਕਰੀ ਦੌਰਾਨ ਹੋਰ ਵੀ ਠੱਗੀਆਂ ਮਾਰੀਆਂ ਜਾਣ ਦਾ ਅੰਦੇਸ਼ਾ ਜ਼ਾਹਰ ਕੀਤਾ ਹੈ। ਪੁਲਸ ਵੱਲੋਂ ਸਤਨਾਮ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਕਿਸਾਨ ਦਾ ਝੋਨਾ ਵੇਚ ਕੇ ਆੜ੍ਹਤੀ ਫਰਾਰ
ਇਕ ਆੜ੍ਹਤੀ ਦੇ ਕਿਸਾਨ ਦੀ ਫਸਲ ਵੇਚ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆੜ੍ਹਤੀ ਵੱਲੋਂ ਕਿਸਾਨ ਨੂੰ ਦਿੱਤਾ ਗਿਆ ਚੈੱਕ ਬਾਊਂਸ ਹੋਣ ਕਾਰਨ ਆੜ੍ਹਤੀ ਖਿਲਾਫ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕਿਸਾਨ ਜੀਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਮੂਲੋਵਾਲ (ਧੂਰੀ) ਨੇ 80 ਕੁਇੰਟਲ 75 ਕਿਲੋ ਝੋਨੇ ਦੀ ਫਸਲ ਆੜ੍ਹਤੀ ਸਤਨਾਮ ਸਿੰਘ ਦੀ ਫਰਮ ਮੈਸ. ਐੱਸ. ਐੱਸ. ਟਰੈਡਿੰਗ ਕੰਪਨੀ ਰਾਹੀਂ ਵੇਚੀ ਸੀ। ਇਸ ਫਸਲ ਦੇ ਬਾਬਤ ਆੜ੍ਹਤੀ ਵੱਲੋਂ ਉਸ ਨੂੰ 6 ਨਵੰਬਰ ਦੀ ਤਾਰੀਖ ਪਾ ਕੇ 1 ਲੱਖ 28 ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਜੱਦ ਕਿਸਾਨ ਨੇ ਉਕਤ ਚੈੱਕ ਬੈਂਕ 'ਚ ਲਾਇਆ ਤਾਂ ਇਹ ਚੈੱਕ ਬਾਊਂਸ ਹੋ ਗਿਆ ਸੀ। ਪੀੜਤ ਵੱਲੋਂ ਆੜ੍ਹਤੀ ਨਾਲ ਮੋਬਾਇਲ 'ਤੇ ਸੰਪਰਕ ਕਰਨ 'ਤੇ ਉਸ ਦਾ ਮੋਬਾਇਲ ਬੰਦ ਆ ਰਿਹਾ ਸੀ ਤੇ ਉਸ ਦੀ ਦੁਕਾਨ ਨੂੰ ਵੀ ਜਿੰਦਾ ਲੱਗਿਆ ਹੋਇਆ ਸੀ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਦਰ ਧੂਰੀ ਵਿਖੇ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ ਖਿਲਾਫ ਪੀੜਤ ਦੀ ਫਸਲ ਵੇਚ ਕੇ ਉਸ ਦੀ ਰਕਮ ਦਾ ਗਬਨ ਕਰ ਕੇ ਫਰਾਰ ਹੋਣ ਦੇ ਦੋਸ਼ ਹੇਠ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਆੜ੍ਹਤੀ, ਜੋ ਕਿ ਪਹਿਲਾਂ ਪਾਰਟ ਟਾਈਮ ਮੁਨੀਮੀ ਦਾ ਕੰਮ ਕਰਦਾ ਸੀ, ਖਿਲਾਫ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਹੋਰ ਮਾਮਲਾ ਵੱਖਰੇ ਤੌਰ 'ਤੇ ਥਾਣਾ ਸਿਟੀ ਧੂਰੀ ਵਿਖੇ ਦਰਜ ਹੋਇਆ ਹੈ।
ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸੀ ਗੈਂਗਸਟਰ ਦੇ ਸਬੰਧ
NEXT STORY