ਸਾਹਨੇਵਾਲ(ਜਗਰੂਪ)-ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭੂਖੜੀ ਕਲਾਂ ਦੇ ਨੇੜੇ ਧੁੰਦ ਕਾਰਨ ਸੰਤੁਲਨ ਵਿਗੜਨ ਕਰ ਕੇ ਹੋਏ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਆਲਟੋ ਸਵਾਰ ਇਕ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ 16 ਸਾਲਾ ਲੜਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਚੌਕੀ ਰਾਮਗੜ੍ਹ ਦੀ ਪੁਲਸ ਨੇ ਸੜਕ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਚੌਂਤਾ ਦਾ ਵਸਨੀਕ ਸੁਖਜੀਤ ਸਿੰਘ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਦਸਵੀਂ ਜਮਾਤ 'ਚ ਪੜ੍ਹਦੇ ਆਪਣੇ 16 ਸਾਲਾ ਬੇਟੇ ਹਰਮਨਜੋਤ ਸਿੰਘ ਨੂੰ ਨਾਲ ਲੈ ਕੇ ਉਸ ਦੇ ਸਕੂਲ ਖਾਸੀ ਕਲਾਂ ਵਿਖੇ ਆਲਟੋ ਕਾਰ ਰਾਹੀਂ ਜਾ ਰਹੇ ਸਨ। ਧੁੰਦ ਜ਼ਿਆਦਾ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਨ੍ਹਾਂ ਦੀ ਕਾਰ ਪਿੰਡ ਭੂਖੜੀ ਕਲਾਂ ਕੋਲ ਇਕ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਗੰਭੀਰ ਜ਼ਖਮੀ ਹੋਣ ਕਰ ਕੇ ਸੁਖਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੁਖਜੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਪਰ ਲੜਕੇ ਹਰਮਨਜੋਤ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਡਾਕਟਰਾਂ ਨੇ ਬਚਾਅ ਲਿਆ, ਜੋ ਖ਼ਤਰੇ ਤੋਂ ਬਾਹਰ ਸੀ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਚਾਚਾ ਗੁਰਨਾਮ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆ ਕੇ ਅੱਗੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਮਾਂ ਦੇ ਨਾਂ ਪੰਜਾਬੀ 'ਚ ਲਿਖੇ ਸਨ ਆਪਣੇ ਜਜ਼ਬਾਤ
NEXT STORY