ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)- ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਸਕੱਤਰ ਖੇਤੀਬਾਡ਼ੀ ਕਾਹਨ ਸਿੰਘ ਪੰਨੂੰ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲਾ ਗੁਰਦਾਸਪੁਰ ਅੰਦਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਖਾਦਾਂ, ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੁਰਦਾਸਪੁਰ ਦੇ ਮੁੱਖ ਖੇਤੀਬਾਡ਼ੀ ਅਫ਼ਸਰ ਰਮੇਸ਼ ਕੁਮਾਰ ਸ਼ਰਮਾ ਨੇ ਖੁਦ ਦੁਕਾਨਾਂ ’ਤੇ ਜਾ ਕੇ ਬੀਜਾਂ, ਦਵਾਈਆਂ ਅਤੇ ਖਾਦਾਂ ਦੀ ਗੁਣਵੱਤਾ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ। ਗੱਲਬਾਤ ਕਰਦਿਆਂ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਪੂਰਾ ਕਰਨ ਲਈ ਖਾਦਾਂ, ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਇਸ ਲਈ ਅੱਜ ਵਿਭਾਗ ਵੱਲੋਂ ਸਾਰੇ ਬਲਾਕਾਂ ਵਿਚ ਬਾਰੀਕੀ ਨਾਲ ਚੈਕਿੰਗ ਕਰ ਕੇ ਸੈਂਪਲ ਭਰੇ ਗਏ ਅਤੇ ਨਾਲ ਹੀ ਜਿਹਡ਼ੇ ਡੀਲਰਾਂ ਦੀਆਂ ਦੁਕਾਨਾਂ ’ਤੇ ਕਮੀਅਾਂ-ਪੇਸ਼ੀਅਾਂ ਪਾਈਆਂ ਗਈਆਂ, ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ। ਉਨ੍ਹਾਂ ਡੀਲਰਾਂ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਸਾਰਾ ਰਿਕਾਰਡ ਮੁਕੰਮਲ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗ਼ੈਰ-ਮਿਆਰੀ ਚੀਜ਼ ਨਾ ਵੇਚੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾਡ਼ੀ ਨਾਲ ਸਬੰਧਤ ਕੋਈ ਵੀ ਚੀਜ਼ ਖਰੀਦਣ ਮੌਕੇ ਪੱਕਾ ਬਿੱਲ ਜ਼ਰੂਰ ਲੈਣ। ਜੇਕਰ ਕੋਈ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਤੁਰੰਤ ਖੇਤੀਬਾਡ਼ੀ ਵਿਭਾਗ ਦੇ ਨੇਡ਼ਲੇ ਦਫ਼ਤਰ ਵਿਚ ਸੂਚਿਤ ਕੀਤਾ ਜਾਵੇ। ਚੈਕਿੰਗ ਦੌਰਾਨ ਖੇਤੀਬਾਡ਼ੀ ਵਿਕਾਸ ਅਫ਼ਸਰ ਠਾਕੁਰ ਰਣਧੀਰ ਸਿੰਘ, ਮਿੱਤਰਮਾਨ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਨਸ਼ੇ ਵਾਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫਤਾਰ
NEXT STORY