ਜਲੰਧਰ(ਪੁਨੀਤ ਡੋਗਰਾ)-ਮਸ਼ੀਨਰੀ ਨੂੰ ਸਮੇਂ-ਸਮੇਂ 'ਤੇ ਰਿਪੇਅਰ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਕੰਡਮ ਐਲਾਨ ਕਰਨ ਦੀ ਲੋੜ ਹੁੰਦੀ ਹੈ ਪਰ ਹਵਾਈ ਫੌਜ ਵਿਚ ਅਜੇ ਵੀ 40-50 ਸਾਲ ਪੁਰਾਣੇ ਜਹਾਜ਼ ਹਨ ਜੋ ਆਸਮਾਨ ਵਿਚ ਮੌਤ ਦੀ ਘੰਟੀ ਸਾਬਤ ਹੋ ਰਹੇ ਹਨ। 2007 ਤੋਂ 2015 ਤਕ 8 ਸਾਲਾਂ ਵਿਚ ਹਵਾਈ ਫੌਜ ਦੇ 45 ਮਿਗ ਕ੍ਰੈਸ਼ ਹੋ ਚੁੱਕੇ ਹਨ। ਅਪਗ੍ਰੇਡ ਨਾ ਹੋਣ ਕਾਰਨ ਪੁਰਾਣੇ ਹੋ ਚੁੱਕੇ ਮਿਗ ਜਹਾਜ਼ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਜਹਾਜ਼ਾਂ ਨੂੰ ਹਵਾਈ ਫੌਜ 'ਚੋਂ ਹਟਾਉਣ ਦੀ ਪ੍ਰਕਿਰਿਆ ਵਿਚ ਹੋ ਰਹੀ ਦੇਰ ਵੀ ਇਸ ਦੇ ਲਈ ਜ਼ਿੰਮੇਵਾਰ ਹੈ। ਪਹਿਲਾਂ ਇਨ੍ਹਾਂ ਜਹਾਜ਼ਾਂ ਨੂੰ 2015 ਤਕ ਹਟਾਉਣ ਦੀ ਯੋਜਨਾ ਸੀ ਪਰ ਨਵੇਂ ਜਹਾਜ਼ਾਂ ਦੀ ਐਕਵਾਇਰਮੈਂਟ ਵਿਚ ਦੇਰ ਕਾਰਨ ਇਹ ਮਿਆਦ 2017 ਕੀਤੀ ਗਈ ਪਰ ਅਜੇ ਵੀ 150 ਤੋਂ ਜ਼ਿਆਦਾ ਜਹਾਜ਼ਾਂ ਦੀ ਵਰਤੋਂ ਭਾਰਤੀ ਹਵਾਈ ਫੌਜ ਕਰ ਰਹੀ ਹੈ ਜੋ 40-50 ਸਾਲ ਪੁਰਾਣੇ ਹਨ। ਸੂਤਰਾਂ ਅਨੁਸਾਰ ਇਨ੍ਹਾਂ 'ਚੋਂ ਕਾਫੀ ਅਜਿਹੇ ਜਹਾਜ਼ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਅਪਡੇਟ ਕੀਤਾ ਗਿਆ ਪਰ ਇਹ ਕੰਮ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨੇ ਆਪਣੇ ਵਸੀਲਿਆਂ ਨਾਲ ਕੀਤਾ। ਇਸ ਦੇ ਲਈ ਲੋੜੀਂਦੇ ਪੁਰਜ਼ਿਆਂ ਦੀ ਪ੍ਰਾਪਤੀ ਰੂਸ ਤੋਂ ਨਹੀਂ ਹੋ ਰਹੀ, ਇਸ ਲਈ ਅਪਡੇਟ ਕਰਨਾ ਵੀ ਜ਼ਿਆਦਾ ਲਾਹੇਵੰਦ ਨਹੀਂ ਹੋਇਆ। ਰੱਖਿਆ ਮੰਤਰਾਲਾ ਦੀ ਰਿਪੋਰਟ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।
27 ਜਹਾਜ਼ ਤਕਨੀਕੀ ਤਰੁੱਟੀਆਂ ਦਾ ਸ਼ਿਕਾਰ
ਰੱਖਿਆ ਮੰਤਰਾਲਾ ਦੀ ਰਿਪੋਰਟ ਮੁਤਾਬਕ 2007-15 ਦਰਮਿਆਨ 45 ਮਿਗ ਹਾਦਸਿਆਂ ਦਾ ਸ਼ਿਕਾਰ ਹੋਏ। ਇਸ ਰਿਪੋਰਟ ਅਨੁਸਾਰ 2007-15 ਦਰਮਿਆਨ ਹਵਾਈ ਫੌਜ ਦੇ ਕੁਲ 93 ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿਚ 45 ਮਿਗ ਜਹਾਜ਼ ਸਨ। ਇਨ੍ਹਾਂ ਵਿਚ ਮਿਗ 21, ਮਿਗ 27 ਅਤੇ ਮਿਗ 29 ਸ਼ਾਮਲ ਹਨ। ਹਰ ਜਹਾਜ਼ ਹਾਦਸੇ ਤੋਂ ਬਾਅਦ ਕੋਰਟ ਆਫ ਇਨਕੁਆਰੀ ਹੁੰਦੀ ਹੈ, ਜਿਸ ਵਿਚ ਪਤਾ ਲੱਗਾ ਹੈ ਕਿ 45 ਮਿਗ ਜਹਾਜ਼ਾਂ 'ਚੋਂ 27 ਜਹਾਜ਼ ਤਕਨੀਕੀ ਖਾਮੀਆਂ ਕਾਰਨ ਹਾਦਸੇ ਦਾ ਸ਼ਿਕਾਰ ਹੋਏ, ਜਦੋਂ ਕਿ 18 ਹਾਦਸੇ ਹੋਰ ਕਾਰਨਾਂ ਨਾਲ ਹੋਏ।
ਯੋਜਨਾ ਦੇ ਬਾਵਜੂਦ ਨਹੀਂ ਹਟਾਏ ਗਏ ਮਿਗ
ਦੱਸ ਦੇਈਏ ਕਿ 23 ਫਰਵਰੀ 2011 ਵਿਚ ਤੱਤਕਾਲੀਨ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਸੰਸਦ ਵਿਚ ਕਿਹਾ ਸੀ ਕਿ 2017 ਤਕ ਮਿਗ ਜਹਾਜ਼ਾਂ ਨੂੰ ਹਵਾਈ ਫੌਜ ਵਿਚੋਂ ਹਟਾ ਲਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਦੇ ਲਈ ਬਾਕਾਇਦਾ ਯੋਜਨਾ ਬਣਾਈ ਜਾ ਚੁੱਕੀ ਹੈ। ਹਾਲ ਹੀ ਵਿਚ ਸੰਸਦੀ ਕਮੇਟੀ ਨੇ ਮਿਗ ਜਹਾਜ਼ਾਂ ਨੂੰ ਹਟਾਉਣ ਵਿਚ ਦੇਰ 'ਤੇ ਚਿੰਤਾ ਪ੍ਰਗਟ ਕੀਤੀ ਸੀ।
ਰੱਖਿਆ ਮੰਤਰਾਲਾ ਦੇ ਸੂਤਰਾਂ ਅਨੁਸਾਰ ਮਿਗ ਜਹਾਜ਼ਾਂ ਨੂੰ ਹਟਾਉਣ ਵਿਚ ਦੇਰ ਹੋਣ ਦਾ ਕਾਰਨ ਨਵੇਂ ਜਹਾਜ਼ਾਂ ਦਾ ਐਕਵਾਇਰ ਨਾ ਹੋ ਸਕਣਾ ਹੈ। ਯੂ. ਪੀ. ਏ. ਸਰਕਾਰ ਵਿਚ 126 ਲੜਾਕੂ ਜਹਾਜ਼ਾਂ ਦੀ ਖਰੀਦ ਲੰਮੇ ਸਮੇਂ ਤਕ ਲਟਕੀ ਰਹੀ। ਇਸ ਉਪਰੰਤ ਐੱਨ. ਡੀ. ਏ. ਸਰਕਾਰ ਆਉਣ 'ਤੇ 36 ਰਾਫੇਲ ਜਹਾਜ਼ ਖਰੀਦੇ ਗਏ ਪਰ ਉਨ੍ਹਾਂ ਦੇ ਮਿਲਣ ਵਿਚ ਅਜੇ ਸਮਾਂ ਹੈ। ਮਿਗ ਦੀ ਥਾਂ ਲੈਣ ਲਈ ਸਵਦੇਸ਼ੀ ਤੇਜਸ ਦੇ ਨਿਰਮਾਣ ਵਿਚ ਦੇਰ ਹੋਈ। ਤੇਜਸ ਦਾ ਲੜਾਕੂ ਐਡੀਸ਼ਨ ਅਜੇ ਵੀ ਤਿਆਰ ਨਹੀਂ ਹੈ। ਮਿਗ ਦੀ ਜਗ੍ਹਾ ਲੈਣ ਲਈ ਸੁਖੋਈ ਐੱਨ. ਕੇ. ਆਈ. ਜਹਾਜ਼ਾਂ ਦੀ ਸਪਲਾਈ ਵਿਚ ਵੀ ਦੇਰ ਹੋਈ, ਜਿਸ ਕਾਰਨ ਹਵਾਈ ਫੌਜ ਮਿਗ ਜਹਾਜ਼ਾਂ ਨਾਲ ਕੰਮ ਚਲਾ ਰਹੀ ਹੈ।
ਲੋੜ 45 ਸਕੁਐਡਰਨ ਦੀ, ਮੌਜੂਦ 36
ਬੀਤੇ ਦਿਨ ਸੰਸਦ ਵਿਚ ਦੱਸਿਆ ਗਿਆ ਕਿ 2015 ਵਿਚ ਹੁਣ ਤਕ ਹਵਾਈ ਫੌਜ ਦੇ 26 ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ ਹਨ। 3 ਮਈ 2002 ਨੂੰ ਜਲੰਧਰ ਵਿਚ ਇਕ ਮਿਗ ਕ੍ਰੈਸ਼ ਹੋਇਆ ਸੀ। ਹਵਾਈ ਫੌਜ ਨੂੰ ਚੀਨ ਅਤੇ ਪਾਕਿਸਤਾਨ ਦੀ ਚੁਣੌਤੀ ਨਾਲ ਨਜਿੱਠਣ ਲਈ ਲੜਾਕੂ ਜਹਾਜ਼ਾਂ ਦੇ 45 ਸਕੁਐਡਰਨ ਦੀ ਲੋੜ ਹੈ। ਇਕ ਸਕੁਐਡਰਨ ਵਿਚ ਕਰੀਬ 18 ਲੜਾਕੂ ਜਹਾਜ਼ ਹੁੰਦੇ ਹਨ ਪਰ ਅਜੇ ਸਿਰਫ 36 ਸਕੁਐਡਰਨ ਹੀ ਹਵਾਈ ਫੌਜ ਕੋਲ ਹਨ, ਇਨ੍ਹਾਂ ਵਿਚੋਂ ਵੀ ਕਰੀਬ 8 ਮਿਗ ਸ਼੍ਰੇਣੀ ਦੇ ਜਹਾਜ਼ਾਂ ਦੀ ਹੈ। ਜੇਕਰ ਇਨ੍ਹਾਂ ਨੂੰ ਹਟਾਇਆ ਗਿਆ ਤਾਂ ਹਵਾਈ ਫੌਜ ਦੀਆਂ 8 ਸਕੁਐਡਰਨ ਘੱਟ ਹੋ ਜਾਣਗੀਆਂ।
ਦਿੱਲੀ ਅਤੇ ਪੰਜਾਬ 'ਚ ਕਾਂਗਰਸ ਦਾ ਹੱਥ ਫੜੇਗਾ ਝਾੜੂ!
NEXT STORY