ਚੰਡੀਗੜ੍ਹ (ਰਾਜਿੰਦਰ) : ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ 8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤਾ ਜਾਵੇਗਾ। ਯੂ. ਟੀ. ਪ੍ਰਸ਼ਾਸਨ ਨੇ ਉਦਘਾਟਨ ਸਮਾਰੋਹ ਲਈ ਸੈਂਟਰ ਨੂੰ ਸਜਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਸੈਂਟਰ ਨੂੰ ਸਜਾਉਣ ਲਈ 6.22 ਲੱਖ ਰੁਪਏ ਖ਼ਰਚ ਕਰੇਗਾ, ਜਿਸ ਲਈ ਇੱਛੁਕ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਤਾਂ ਕਿ ਛੇਤੀ ਹੀ ਇਸ ਦਾ ਕੰਮ ਪੂਰਾ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਸੈਕਟਰ-18 ਸਥਿਤ ਗੌਰਮਿੰਟ ਪ੍ਰੈੱਸ ਬਿਲਡਿੰਗ ਦੇ ਗਰਾਊਂਡ ਫਲੋਰ ’ਤੇ 15,600 ਸਕੇਅਰ ਫੁੱਟ 'ਚ ਇਹ ਹੈਰੀਟੇਜ ਸੈਂਟਰ ਬਣਾਇਆ ਗਿਆ ਹੈ ਅਤੇ 8 ਮਈ ਨੂੰ ਸਵੇਰੇ 11 ਵਜੇ ਇਸ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਅਤੇ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਵੀ ਮੌਜੂਦ ਰਹਿਣਗੇ। ਪ੍ਰਸ਼ਾਸਨ ਵਲੋਂ ਜਾਰੀ ਟੈਂਡਰ ਅਨੁਸਾਰ 3.25 ਲੱਖ ਰੁਪਏ ਮੈਰੀਗੋਲਡ ਸਟਰਿੰਗਸ ’ਤੇ ਖ਼ਰਚ ਕੀਤੇ ਜਾਣਗੇ, ਜਦੋਂ ਕਿ ਹਰੀਆਂ ਪੱਤੀਆਂ ਦੀ ਤਾਰ ਲਾਉਣ ’ਤੇ 1.95 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸੈਂਟਰ 'ਚ 50 ਹਜ਼ਾਰ ਰੁਪਏ ਦੀ ਲਾਗਤ ਨਾਲ ਕੰਧਾਂ ’ਤੇ ਗੁਲਦਸਤੇ ਵੀ ਲਾਏ ਜਾਣਗੇ। ਨਾਲ ਹੀ ਜਰਬੇਰਾ ਫੁੱਲਾਂ ਨੂੰ ਵੀ ਸਜਾਵਟ ਲਈ ਲਾਇਆ ਜਾਵੇਗਾ, ਜਿਸ ’ਤੇ 30 ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆਵੇਗਾ ਅਤੇ 10 ਵੱਡੇ ਆਕਾਰ ਦੇ ਗੁਲਦਸਤੇ ਲਾਉਣ ’ਤੇ 12 ਹਜ਼ਾਰ ਰੁਪਏ ਖ਼ਰਚ ਹੋਣਗੇ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਡਿਪੂ ਹੋਲਡਰਾਂ ਦੀ ਬੈਠਕ 26 ਤਾਰੀਖ਼ ਨੂੰ, ਖੋਲ੍ਹਣਗੇ ਮੰਗਾਂ ਦਾ ਪਿਟਾਰਾ
ਹਵਾਈ ਸੈਨਾ ਦਾ ਇਤਿਹਾਸ ਵੇਖਣ ਦਾ ਮੌਕਾ ਮਿਲੇਗਾ
ਗੈਲਰੀ 'ਚ ਪੇਂਟਿੰਗਾਂ ਰਾਹੀਂ ਭਾਰਤੀ ਏਅਰ ਫੋਰਸ ਦੇ ਮਾਣਮੱਤੇ ਇਤਹਾਸ ਨੂੰ ਦੇਖਣ ਦਾ ਮੌਕਾ ਮਿਲੇਗਾ, ਜੋ ਸਾਡੇ ਵੀਰ ਯੋਧਿਆਂ ਦੀਆਂ ਵੀਰਕਥਾਵਾਂ ਦੀ ਵਿਆਖਿਆ ਕਰ ਰਹੀਆਂ ਹੋਣਗੀਆਂ। ਚਿੱਤਰ ਵਿਚ ਹਵਾਈ ਫ਼ੌਜ ਦੀ ਕਾਰਗਿਲ ਲੜਾਈ, ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਲੈ ਕੇ ਏਅਰ ਫੋਰਸ ਵਲੋਂ ਕੁਦਰਤੀ ਆਫ਼ਤਾਂ ਵਿਚ ਕੀਤੀ ਗਈ ਮਦਦ ਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਏਅਰ ਫੋਰਸ ਦੇ ਹੁਣ ਤੱਕ ਦੇ ਏਅਰ ਚੀਫ਼ ਮਾਰਸ਼ਲਾਂ ਸਬੰਧੀ ਵੀ ਲੋਕਾਂ ਨੂੰ ਤਸਵੀਰਾਂ ਰਾਹੀਂ ਜਾਣਨ ਦਾ ਮੌਕਾ ਮਿਲੇਗਾ। ਗੈਲਰੀ ’ਚੋਂ ਲੰਘਦੇ ਸਮੇਂ ਇਕ ਪਾਸੇ ਏਅਰ ਫੋਰਸ ਦੇ ਕੰਮਾਂ ਦਾ ਜ਼ਿਕਰ ਹੋਵੇਗਾ, ਉੱਥੇ ਹੀ ਦੂਜੇ ਪਾਸੇ ਲੜਾਈ 'ਚ ਵਰਤੇ ਗਏ ਵੱਖ-ਵੱਖ ਜਹਾਜ਼ਾਂ ਦੇ ਛੋਟੇ ਮਾਡਲਾਂ ਨੂੰ ਰੱਖਿਆ ਗਿਆ ਹੈ। ਗੈਲਰੀ 'ਚ ਦਾਖ਼ਲ ਹੋਣ ਤੋਂ ਪਹਿਲਾਂ ਤੇਜਸ ਫਾਈਟਰ ਏਅਰਕ੍ਰਾਫ਼ਟ ਨੂੰ ਰੱਖਿਆ ਗਿਆ ਹੈ। ਕੇਂਦਰ ਵਿਚ ਮਿੰਨੀ ਆਡੀਟੋਰੀਅਮ ਬਣਾਇਆ ਜਾ ਰਿਹਾ ਹੈ, ਜਿਸ 'ਚ ਕੁੱਲ 20 ਸੀਟਾਂ ਹਨ। ਆਡੀਟੋਰੀਅਮ 'ਚ ਏਅਰਕ੍ਰਾਫਟ ਦੀ ਹੋਲੋਗ੍ਰਾਫਿਕ ਤਸਵੀਰ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਫੁੱਲਾਂ ਦੀ ਖੇਤੀ ਨਾਲ ਮਹਿਕਦੇ ਪੰਜਾਬ ਦੇ ਖੇਤ, ਉਤਪਾਦਨ 'ਚ ਲੁਧਿਆਣਾ ਜ਼ਿਲ੍ਹਾ ਨੰਬਰ ਇਕ
ਮਿਗ-21 ਤੇ ਟ੍ਰੇਨਿੰਗ ਏਅਰਕ੍ਰਾਫਟ ਰੱਖੇ
ਕੇਂਦਰ 'ਚ 2 ਜਹਾਜ਼ ਰੱਖੇ ਗਏ ਹਨ। ਫਾਈਟਰ ਏਅਰਕ੍ਰਾਫਟ ਮਿਗ-21 ਅਤੇ ਟ੍ਰੇਨਿੰਗ ਏਅਰਕ੍ਰਾਫਟ ਐੱਚ. ਪੀ. ਟੀ.- 32। ਵਿਅਕਤੀ ਕਾਕਪਿਟ 'ਚ ਬੈਠ ਕੇ ਜਹਾਜ਼ ਚਲਾਉਣ ਵਰਗਾ ਵਰਚੁਅਲ ਅਹਿਸਾਸ ਲੈ ਸਕਣਗੇ। ਕੇਂਦਰ 'ਚ ਪਾਇਲਟ ਦੀ ਟ੍ਰੇਨਿੰਗ ਸਮੇਂ ਵਰਤੇ ਜਾਣ ਵਾਲੇ 3 ਫਲਾਈਟ ਸਿਮੂਲੇਟਰ ਲਗਾਏ ਗਏ ਹਨ, ਜਿਸ ਨਾਲ ਵਿਅਕਤੀ ਕੰਪਿਊਟਰ ਦੀ 3ਡੀ ਸਕ੍ਰੀਨ ’ਤੇ ਪਾਇਲਟ ਹੋਣ ਦਾ ਅਹਿਸਾਸ ਲੈ ਸਕਦੇ ਹਨ। ਕੇਂਦਰ 'ਚ ਕੰਪਿਊਟਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਹਵਾਈ ਫ਼ੌਜ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜਾਣਗੇ। ਵਰਚੁਅਲ ਰਿਆਲਿਟੀ 'ਚ ਵਿਅਕਤੀ 3ਡੀ ਚਸ਼ਮਾ ਪਾ ਕੇ ਖ਼ੁਦ ਨੂੰ ਲੜਾਈ ਦੇ ਮੈਦਾਨ 'ਚ ਦੇਖ ਸਕਦੇ ਹਨ। ਇਸ 'ਚ ਲੋਕ ਖ਼ੁਦ ਨੂੰ ਸਕਰੀਨ ’ਤੇ ਲੜਾਈ ਦੇ ਮੈਦਾਨ 'ਚ ਦੇਖ ਸਕਣਗੇ। ਵਿਅਕਤੀ ’ਤੇ ਲੱਗਿਆ ਕੈਮਰਾ ਉਸ ਦੀ ਫੋਟੋ ਸਕਰੀਨ ’ਤੇ ਦਿਖਾਏਗਾ, ਜਿਸ ਨਾਲ ਉਸ ਨੂੰ ਮਹਿਸੂਸ ਹੋਵੇਗਾ ਕਿ ਉਹ ਲੜਾਈ ਦੇ ਮੈਦਾਨ 'ਚ ਹੈ। ਦੱਸਣਯੋਗ ਹੈ ਕਿ 27 ਅਗਸਤ 2021 ਨੂੰ ਸਾਬਕਾ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਹਾਜ਼ਰੀ 'ਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਹਵਾਈ ਫ਼ੌਜ ਵਿਚਕਾਰ ਇਸ ਵਿਰਾਸਤ ਕੇਂਦਰ ਨੂੰ ਬਣਾਉਣ ਲਈ ਸਹਿਮਤੀ ਬਣੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਤੋਂ ਖੁੱਸਿਆ ਸਿਆਸੀ ਮੁੱਦਾ
NEXT STORY