ਔਰਤਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਪਿੰਡ ਪੱਧਰੀ ਸਰਵੇਖਣ ਕਰਾਵਾਂਗੇ : ਬੀਬੀ ਜਗੀਰ ਕੌਰ
ਚੰਡੀਗੜ੍ਹ(ਪਰਾਸ਼ਰ)-ਇਸਤਰੀ ਅਕਾਲੀ ਦਲ ਵਿੰਗ ਦੇ ਅਹੁਦੇਦਾਰਾਂ ਨੇ ਅੱਜ ਇਥੇ ਇਕ ਰਾਜ ਪੱਧਰੀ ਮੀਟਿੰਗ ਦੌਰਾਨ ਦਾਜ ਨਾ ਲੈਣ ਤੇ ਨਾ ਦੇਣ ਦੀ ਪਵਿੱਤਰ ਸਹੁੰ ਖਾਧੀ ਅਤੇ ਇਸ ਸਮਾਜਿਕ ਬੁਰਾਈ ਖ਼ਿਲਾਫ ਲੜਾਈ ਨੂੰ ਹੋਰ ਤਿੱਖਾ ਕਰਨ ਵਾਸਤੇ 8 ਮਾਰਚ ਨੂੰ ਹੋਣ ਵਾਲੀ ਰਾਜ ਪੱਧਰੀ ਕਾਨਫਰੰਸ ਵਿਚ ਔਰਤਾਂ ਨੂੰ ਦਾਜ ਖਿਲਾਫ ਸਹੁੰ ਚੁਕਾਉਣ ਦਾ ਸੰਕਲਪ ਲਿਆ। ਇਥੇ ਪਾਰਟੀ ਦਫਤਰ ਵਿਚ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਾਜ ਦੀ ਬੁਰਾਈ ਖ਼ਿਲਾਫ ਲੜਾਈ ਦੀ ਸਖ਼ਤ ਜ਼ਰੂਰਤ ਹੈ ਅਤੇ ਸਾਨੂੰ ਖੁਦ ਇਸ ਦੀ ਮਿਸਾਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਮੇਰੀਆਂ ਉਨ੍ਹਾਂ ਸਾਥਣਾਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਦਾਜ ਨਾ ਲੈਣ ਜਾਂ ਨਾ ਦੇਣ ਦਾ ਫੈਸਲਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ 'ਤੇ ਦਮਦਮਾ ਸਾਹਿਬ ਵਿਖੇ ਇਕ ਰਾਜ ਪੱਧਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿੰਗ ਵੱਲੋਂ ਘਰੇਲੂ ਹਿੰਸਾ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇਗੀ। ਮਸ਼ਹੂਰ ਮਹਿਲਾ ਕਾਰਕੁੰਨ ਡਾਕਟਰ ਪੈਮ ਰਾਜਪੂਤ ਵੱਲੋਂ ਦਿੱਤੇ ਸੁਝਾਅ ਮਗਰੋਂ ਇਸਤਰੀ ਵਿੰਗ ਦੀ ਪ੍ਰਧਾਨ ਨੇ ਇਸ ਮੁੱਦੇ ਨੂੰ ਪਾਰਟੀ ਦੀ ਕਾਨਫਰੰਸ ਦੇ ਏਜੰਡੇ ਵਿਚ ਸ਼ਾਮਲ ਕੀਤਾ। ਇਸ ਬਾਰੇ ਡਾਕਟਰ ਰਾਜਪੂਤ ਨੇ ਦੱਸਿਆ ਕਿ ਵਿੰਗ ਨੂੰ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਲਾਹ ਮਸ਼ਵਰੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾਕਟਰ ਰਾਜਪੂਤ ਨੇ ਕਿਹਾ ਕਿ ਸਰਕਾਰਾਂ ਘਰੇਲੂ ਹਿੰਸਾ ਨੂੰ ਖਤਮ ਨਹੀਂ ਕਰ ਸਕਦੀਆਂ, ਇਸ ਵਾਸਤੇ ਸਾਨੂੰ ਖੁਦ ਤਬਦੀਲੀ ਦਾ ਹਿੱਸਾ ਬਣਨਾ ਪੈਣਾ ਹੈ। ਡਾਕਟਰ ਰਾਜਪੂਤ ਵੱਲੋਂ ਦਿੱਤੇ ਇਕ ਸੁਝਾਅ ਮਗਰੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਪਿੰਡ ਪੱਧਰੀ ਸਮਾਜ ਦੇ ਸਰਵੇਖਣ ਦੇ ਪ੍ਰਸਤਾਵ ਨੂੰ ਵੀ ਸਵੀਕਾਰ ਕਰ ਲਿਆ। ਇਸ ਤਹਿਤ ਪਿੰਡਾਂ ਵਿਚ ਜਾ ਕੇ ਹਰ ਉਮਰ ਦੀਆਂ ਔਰਤਾਂ ਜਵਾਨ, ਬਜ਼ੁਰਗ ਜਾਂ ਵਿਧਵਾਵਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਪ੍ਰਦਾਨ ਕਰਨਾ ਸ਼ਾਮਲ ਹੈ।
ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਇਸਤਰੀ ਵਿੰਗ ਨੇ ਸੂਬੇ ਅੰਦਰ ਪੰਜ ਜ਼ੋਨ ਬਣਾਏ ਹਨ ਅਤੇ ਹਰ ਜ਼ੋਨ ਵਾਸਤੇ ਇਕ 11 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ। ਇਹ ਕਮੇਟੀ ਸਾਰੇ ਵਰਗਾਂ ਦੇ ਲੋਕਾਂ ਨੂੰ ਧਾਰਮਿਕ ਅਤੇ ਰੂਹਾਨੀ ਸਿੱਖਿਆ ਦੇਣ ਦਾ ਕੰਮ ਕਰੇਗੀ। ਇਸ ਮੌਕੇ ਸਤਵੰਤ ਕੌਰ ਸੰਧੂ, ਸਤਵਿੰਦਰ ਕੌਰ ਧਾਲੀਵਾਲ, ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ, ਹਰਜੀਤ ਕੌਰ ਸਿੱਧੂ, ਗਗਨਦੀਪ ਕੌਰ ਢੀਂਡਸਾ, ਹਰਪ੍ਰੀਤ ਕੌਰ ਬਰਨਾਲਾ, ਕੁਲਦੀਪ ਕੌਰ ਕੰਗ, ਪਰਮਜੀਤ ਕੌਰ ਵਿਰਕ, ਬਲਵਿੰਦਰ ਕੌਰ ਚੀਮਾ, ਕਿਰਨ ਸ਼ਰਮਾ ਪਠਾਨਕੋਟ, ਪੁਸ਼ਪਿੰਦਰ ਕੌਰ ਮਜਬੂਰ ਅਤੇ ਇੰਦਰਜੀਤ ਕੌਰ ਮਾਨ ਸ਼ਾਮਲ ਸਨ।
ਭੇਤਭਰੀ ਹਾਲਤ 'ਚ ਵਿਅਕਤੀ ਦੀ ਮੌਤ
NEXT STORY