ਖੰਨਾ(ਸੁਨੀਲ)-ਸ਼ਰਾਬ ਦੇ ਨਸ਼ੇ 'ਚ ਧੁੱਤ ਅੱਜ ਫਿਰ ਲਗਭਗ 4-5 ਲੋਕਾਂ ਨੇ ਸਥਾਨਕ ਰਹੌਣ ਇਲਾਕੇ 'ਚ ਸ਼ਰਾਬ ਦੇ ਠੇਕੇ 'ਤੇ ਭੰਨ-ਤੋੜ ਕੀਤੀ, ਉਥੇ ਹੀ ਇਸ ਦੌਰਾਨ ਠੇਕੇ 'ਤੇ ਕੰਮ ਕਰਦੇ ਸੇਲਜ਼ਮੈਨ ਮਲਕੀਤ ਸਿੰਘ ਨੇ ਲੁਕ ਕੇ ਆਪਣੀ ਜਾਨ ਬਚਾਈ ਨਹੀਂ ਤਾਂ ਉਸ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ। ਦੱਸ ਦੇਈਏ ਕਿ 21 ਜੂਨ ਦੀ ਰਾਤ ਨੂੰ ਸਬਜ਼ੀ ਮੰਡੀ ਅਮਲੋਹ ਰੋਡ ਦੇ ਸਾਹਮਣੇ 9 ਲੋਕਾਂ ਨੇ ਸ਼ਰਾਬ ਦੇ ਠੇਕੇ 'ਤੇ ਭੰਨ-ਤੋੜ ਕਰਨ ਉਪਰੰਤ ਕਰਿੰਦੇ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਕਾਰਨ ਪੁਲਸ ਨੇ 9 ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਰਹੌਣ ਦੇ ਹੀ 4-5 ਲੋਕ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀਣ ਆਏ ਸਨ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਸੇਲਜ਼ਮੈਨ ਮਲਕੀਤ ਸਿੰਘ ਨਾਲ ਬਹਿਸ ਹੋ ਗਈ। ਮਲਕੀਤ ਸਿੰਘ ਗੱਲ ਖਤਮ ਕਰਨ ਦੇ ਮਕਸਦ ਨਾਲ ਠੇਕੇ ਦੇ ਅੰਦਰ ਚਲਾ ਗਿਆ, ਉਦੋਂ ਨਸ਼ੇ 'ਚ ਧੁੱਤ ਹਮਲਾਵਰਾਂ ਨੇ ਉਥੋਂ ਇੱਟਾਂ-ਪੱਥਰਾਂ ਤੇ ਬੀਅਰ ਦੀਆਂ ਬੋਤਲਾਂ ਨਾਲ ਠੇਕੇ 'ਤੇ ਹਮਲਾ ਕਰ ਦਿੱਤਾ। ਮਲਕੀਤ ਸਿੰਘ ਨੇ ਪਿੱਛੇ ਬਣੇ ਕੈਬਿਨ 'ਚ ਜਾ ਕੇ ਆਪਣੀ ਜਾਨ ਬਚਾਈ। ਇਸ ਉਪਰੰਤ ਹਮਲਾਵਰ ਮਲਕੀਤ ਸਿੰਘ ਨੂੰ ਫਿਰ ਦੇਖ ਲੈਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ। ਸ਼ਰਾਬ ਠੇਕੇਦਾਰਾਂ ਨੇ ਇਸ ਦੀ ਸੂਚਨਾ ਸਿਟੀ ਥਾਣਾ-1 ਦੀ ਪੁਲਸ ਨੂੰ ਦੇ ਦਿੱਤੀ ਸੀ ਅਤੇ ਥਾਣੇ ਤੋਂ ਜਾਂਚ ਲਈ ਟੀਮ ਭੇਜ ਦਿੱਤੀ ਗਈ ਸੀ। ਖਬਰ ਲਿਖੇ ਜਾਣ ਤੱਕ ਇਸ ਸਬੰਧ ਕੋਈ ਮਾਮਲਾ ਦਰਜ ਨਹੀਂ ਹੋਇਆ ਸੀ ।
ਵਿਧਾਇਕ ਬਣਦਿਆਂ ਹੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਸ਼ੇਰੋਵਾਲੀਆ ਨੂੰ ਮਿਲੀ ਕਲੀਨ ਚਿੱਟ
NEXT STORY