ਬਠਿੰਡਾ (ਸੁਖਵਿੰਦਰ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਸਾਹਮਣੇ ਚੱਲ ਰਿਹਾ ਰੋਸ ਧਰਨਾ 13ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਧਰਨੇ ਦੀ ਅਗਵਾਈ ਜਸਪਾਲ ਕੌਰ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵਲੋਂ ਵਿੱਤ ਮੰਤਰੀ ਦੇ ਸਮਾਗਮਾਂ ਦਾ ਘਿਰਾਓ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਆਗੂਆਂ ਨੇ ਰੋਸ ਜਤਾਇਆ ਕਿ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਲੋਂ ਧਰਨੇ 'ਤੇ ਬੈਠੇ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਸੁਣਨ ਦੀ ਬਜਾਏ ਸ਼ਹਿਰ ਦੇ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ 10 ਹਜ਼ਾਰ ਅਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਮੁਲਾਜ਼ਮ ਪਿਛਲੇ 42 ਸਾਲਾਂ ਤੋਂ ਮਾਮੂਲੀ ਤਨਖਾਹ 'ਤੇ ਕੰਮ ਕਰ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ 3 ਤੋਂ 6 ਸਾਲ ਤਕ ਉਮਰ ਦੇ ਬੱਚਿਆਂ ਨੂੰ ਸਕੂਲਾਂ ਦੀ ਬਜਾਏ ਪਹਿਲਾਂ ਦੀ ਤਰ੍ਹਾਂ ਆਂਗਣਵਾੜੀ ਕੇਂਦਰਾਂ ਵਿਚ ਭੇਜਿਆ ਜਾਵੇ, ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਜਾਰੀ ਕੀਤਾ ਜਾਵੇ, ਰੁਕੇ ਹੋਏ ਬਿੱਲ ਪਾਸ ਕੀਤੇ ਜਾਣ ਅਤੇ ਰਾਸ਼ਨ ਦੀ ਸਪਲਾਈ ਰੈਗੂਲਰ ਕੀਤੀ ਜਾਵੇ। ਇਸ ਤੋਂ ਇਲਾਵਾ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਸਮਂੇ ਜਸਵੰਤ ਕੌਰ ਭਿੱਖੀ, ਅੰਮ੍ਰਿਤਪਾਲ ਕੌਰ ਬੱਲੂਆਣਾ, ਰੁਪਿੰਦਰ ਕੌਰ ਬਹਿਮਣ, ਗੁਰਮੇਲ ਕੌਰ ਝੁਨੀਰ, ਮਲਕੀਤ ਕੌਰ ਬੁਰਜ, ਸੁਰਿੰਦਰ ਕੌਰ ਜੌੜਕੀਆ ਆਦਿ ਮੌਜੂਦ ਸਨ।
ਕੌਮੀ ਲੋਕ ਅਦਾਲਤ 'ਚ 585 ਕੇਸਾਂ ਦਾ ਨਿਪਟਾਰਾ
NEXT STORY