ਅੰਮ੍ਰਿਤਸਰ (ਨੀਰਜ) : ਕੇਂਦਰੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਦੇ 1601 ਪੋਲਿੰਗ ਬੂਥਾਂ 'ਚੋਂ 1039 ਬੂਥਾਂ 'ਤੇ ਵੈੱਬ ਕੈਮਰੇ ਲਾ ਦਿੱਤੇ ਗਏ ਹਨ ਤਾਂ ਕਿ ਚੋਣ ਕਮਿਸ਼ਨ ਦੀ ਨਜ਼ਰ ਹਰ ਪਲ ਇਨ੍ਹਾਂ ਬੂਥਾਂ 'ਤੇ ਰਹੇ। ਪ੍ਰਸ਼ਾਸਨ ਵੱਲੋਂ 517 ਪੋਲਿੰਗ ਬੂਥਾਂ ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿਥੇ ਸੁਰੱਖਿਆ ਪ੍ਰਬੰਧ ਪੁਖਤਾ ਰੱਖੇ ਗਏ ਹਨ, ਇਸ ਦੇ ਨਾਲ-ਨਾਲ 728 ਪੋਲਿੰਗ ਸਟੇਸ਼ਨਾਂ 'ਤੇ ਸੈਂਟਰਲ ਫੋਰਸ ਅਤੇ 694 ਪੋਲਿੰਗ ਸਟੇਸ਼ਨਾਂ 'ਤੇ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਚੋਣ ਆਬਜ਼ਰਵਰ ਸਮੀਰ ਵਰਮਾ ਵੱਲੋਂ ਚੋਣ ਤਿਆਰੀਆਂ ਨੂੰ ਲੈ ਕੇ ਪ੍ਰਬੰਧਕੀ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ 'ਚ ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਵਿਚ ਕੁਲ 1601 ਪੋਲਿੰਗ ਬੂਥ ਹਨ। ਅਜਨਾਲਾ 'ਚ 182, ਰਾਜਾਸਾਂਸੀ 213, ਮਜੀਠਾ 203, ਅੰਮ੍ਰਿਤਸਰ ਉੱਤਰੀ 189, ਅੰਮ੍ਰਿਤਸਰ ਪੱਛਮ ਵਾਲਾ 173, ਅੰਮ੍ਰਿਤਸਰ ਪੂਰਬੀ 153, ਅੰਮ੍ਰਿਤਸਰ ਕੇਂਦਰੀ 139, ਅੰਮ੍ਰਿਤਸਰ ਦੱਖਣੀ 151 ਅਤੇ ਅਟਾਰੀ ਹਲਕੇ 'ਚ 198 ਪੋਲਿੰਗ ਬੂਥ ਹਨ।
ਜ਼ਿਲੇ 'ਚ ਕੁਲ 1500940 ਵੋਟਰ
ਜ਼ਿਲਾ ਅੰਮ੍ਰਿਤਸਰ ਦੇ ਕੁਲ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿਚ 1500940 ਵੋਟਰ ਹਨ, ਜਿਨ੍ਹਾਂ 'ਚ ਪੁਰਸ਼ ਵੋਟਰਾਂ ਦੀ ਗਿਣਤੀ 794847 ਅਤੇ ਮਹਿਲਾ ਵੋਟਰਾਂ ਦੀ ਗਿਣਤੀ 706035 ਹੈ ਅਤੇ ਹੋਰ 58 ਵੋਟਰ ਹਨ, ਜੋ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ।
ਸੈਂਸਟਿਵ ਇਜ਼ ਐਕਸਪੈਂਡੀਚਰ ਦੀ ਲਿਸਟ 'ਚ ਸ਼ਾਮਿਲ ਅੰਮ੍ਰਿਤਸਰ
ਕੇਂਦਰੀ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲੇ ਨੂੰ ਸੈਂਸਟਿਵ ਇਜ਼ ਐਕਸਪੈਂਡੀਚਰ ਦੀ ਲਿਸਟ 'ਚ ਸ਼ਾਮਿਲ ਕੀਤਾ ਹੈ। ਪੰਜਾਬ ਵਿਚ ਇਸ ਲਿਸਟ 'ਚ ਸਿਰਫ 2 ਜ਼ਿਲੇ ਹਨ, ਜਿਥੇ ਚੋਣ ਸੀਜ਼ਨ ਵਿਚ ਸਭ ਤੋਂ ਵੱਧ ਖਰਚ ਕੀਤਾ ਜਾਂਦਾ ਹੈ।
ਆਨਲਾਈਨ ਵੋਟਿੰਗ ਕਰ ਸਕਦੇ ਹਨ ਫੌਜ ਅਤੇ ਅਰਧ
ਸੈਨਿਕ ਬਲਾਂ ਦੇ ਜਵਾਨ- ਫੌਜ ਅਤੇ ਅਰਧ-ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਹੂਲਤ ਦਿੰਦਿਆਂ ਪਹਿਲੀ ਵਾਰ ਆਨਲਾਈਨ ਵੋਟਿੰਗ ਕਰਨ ਦੀ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਗਈ ਹੈ। ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਵਿਚ ਕੁਲ 9945 ਸਰਵਿਸ ਵੋਟਰ ਆਨਲਾਈਨ ਵੋਟਿੰਗ ਕਰ ਸਕਣਗੇ। ਕਮਿਸ਼ਨ ਨੇ ਇਹ ਸਹੂਲਤ ਇਸ ਲਈ ਪ੍ਰਦਾਨ ਕੀਤੀ ਹੈ ਕਿਉਂਕਿ ਸੰਵੇਦਨਸ਼ੀਲ ਰਾਜਾਂ ਜੰਮੂ-ਕਸ਼ਮੀਰ ਆਦਿ 'ਚ ਤਾਇਨਾਤ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ 'ਚ ਕਠਿਨਾਈ ਹੁੰਦੀ ਹੈ। ਇਸ ਲਈ ਉਹ ਆਨਲਾਈਨ ਆਪਣੀ ਵੋਟ ਦਾ ਪ੍ਰਯੋਗ ਕਰ ਸਕਣਗੇ।
15112 ਵੋਟਰ ਪਹਿਲੀ ਵਾਰ ਪਾ ਰਹੇ ਹਨ ਵੋਟ
ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ 'ਚ ਕੁਲ 15112 ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰ ਰਹੇ ਹਨ। ਇਸ ਤੋਂ ਇਲਾਵਾ 5201 ਦਿਵਿਆਂਗ ਅਤੇ ਹੋਰ ਅਪਾਹਜ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰ ਰਹੇ ਹਨ, ਜਿਨ੍ਹਾਂ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
17 ਲੱਖ ਵੋਟਰ ਕਰਨਗੇ ਪਟਿਆਲਾ ਦੇ 25 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
NEXT STORY