ਅੰਮ੍ਰਿਤਸਰ (ਰਮਨ) : ਬੱਸ ਰੈਪਿਡ ਟਰਾਂਜ਼ਿਸਟ ਸਿਸਟਮ (ਬੀ. ਆਰ. ਟੀ. ਐੱਸ.) 'ਚ ਰੋਜ਼ਾਨਾ 28 ਹਜ਼ਾਰ ਯਾਤਰੀ ਫ੍ਰੀ 'ਚ ਸਫਰ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਗੁਰੂ ਨਗਰੀ 'ਚ ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਸੰਜੀਵਨੀ ਦੇਣ ਤੇ ਲੋਕਾਂ ਨੂੰ ਇਸ ਬੱਸ ਦੀ ਆਦਤ ਪਾਉਣ ਲਈ 3 ਮਹੀਨੇ ਫ੍ਰੀ ਸਫਰ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਲੋਕ ਹੁਣ ਇਸ 'ਚ ਸਫਰ ਰਹੇ ਹਨ। ਪਹਿਲਾਂ ਸਾਲ 'ਚ ਸਿਰਫ 9 ਬੱਸਾਂ ਹੀ 3 ਕਾਰੀਡੋਰ 'ਚ ਚੱਲਦੀਆਂ ਰਹੀਆਂ, ਜਿਸ ਨਾਲ ਸ਼ੁਰੂ ਤੋਂ ਇਹ ਪ੍ਰਾਜੈਕਟ ਘਾਟੇ ਵਿਚ ਜਾਂਦਾ ਦਿਸ ਰਿਹਾ ਸੀ। ਏ. ਸੀ. ਬੱਸ ਹੁੰਦੇ ਹੋਏ ਵੀ ਲੋਕ ਇਸ ਵਿਚ ਸਫਰ ਨਹੀਂ ਕਰ ਰਹੇ ਸਨ। ਕਈ ਵਾਰ ਤੇਲ ਨਾ ਹੋਣ ਕਾਰਨ ਵੀ ਬੱਸਾਂ ਦੇ ਪਹੀਏ ਰੁਕ ਗਏ ਸਨ ਪਰ ਜਦੋਂ ਤੋਂ ਸਰਕਾਰ ਨੇ 3 ਮਹੀਨੇ ਲਈ ਫ੍ਰੀ ਸਫਰ ਸ਼ੁਰੂ ਕੀਤਾ ਤਾਂ ਲੋਕਾਂ ਨੇ ਇਸ ਵਿਚ ਸਫਰ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਸ਼ਹਿਰ 'ਚ ਆਟੋ ਦੀ ਗਿਣਤੀ ਵੀ ਘੱਟ ਦਿਖਾਈ ਦੇ ਰਹੀ ਹੈ।
ਫ੍ਰੀ ਸਫਰ ਦਾ ਸਮਾਂ ਤਕਰੀਬਨ ਡੇਢ ਮਹੀਨਾ ਬਚਿਆ ਹੈ, ਉਸ ਤੋਂ ਬਾਅਦ ਲੋਕ ਇਸ ਨੂੰ ਕੀ ਅਪਣਾਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਸਕੂਲੀ ਬੱਚਿਆਂ ਲਈ ਹੈ ਫ੍ਰੀ ਸਫਰ- ਬੀ. ਆਰ. ਟੀ. ਐੱਸ. ਬੱਸ 'ਚ ਸਕੂਲੀ ਬੱਚਿਆਂ ਲਈ ਫ੍ਰੀ ਸਫਰ ਹੈ, ਉਥੇ ਹੀ ਕਾਲਜ ਜਾਣ ਵਾਲੇ ਸਟੂਡੈਂਟਸ ਲਈ 50 ਫ਼ੀਸਦੀ ਦੀ ਛੋਟ ਹੈ। ਹਰ ਕਾਰੀਡੋਰ 'ਚ ਫ੍ਰੀ ਸਫਰ ਤੋਂ ਬਾਅਦ ਸਾਧਾਰਨ ਕਿਰਾਏ ਰੱਖੇ ਗਏ ਹਨ, ਜੋ ਲੋਕ ਆਟੋ ਵਿਚ ਪੈਸੇ ਦਿੰਦੇ ਸਨ, ਉਹ ਉਨ੍ਹਾਂ ਪੈਸਿਆਂ ਵਿਚ ਏ. ਸੀ. ਬੱਸ ਵਿਚ ਬੈਠ ਕੇ ਜਾਣਗੇ, ਉਥੇ ਹੀ ਮੈਟਰੋ ਦੀ ਤਰਜ਼ 'ਤੇ ਕਾਰਡ ਸਿਸਟਮ ਬਣਾਇਆ ਗਿਆ ਹੈ। 31 ਕਿਲੋਮੀਟਰ ਦੇ ਕਾਰੀਡੋਰ 'ਚ ਚੱਲ ਰਹੀਆਂ ਬੱਸਾਂ- 31 ਕਿਲੋਮੀਟਰ ਦੇ ਕਾਰੀਡੋਰ 'ਚ ਚੱਲਣ ਵਾਲੇ ਮੈਟਰੋ ਬੱਸ ਸਿਸਟਮ ਤਹਿਤ ਸ਼ਹਿਰ 'ਚ 57 ਬੱਸ ਸਟਾਪ ਬਣਾਏ ਗਏ ਹਨ। ਸਟੇਸ਼ਨ 500-500 ਮੀਟਰ ਦੀ ਦੂਰੀ 'ਤੇ ਬਣਾਏ ਗਏ ਹਨ, ਵਿਸ਼ੇਸ਼ ਬੱਸ ਸਟਾਪ 'ਤੇ ਅੰਗਹੀਣਾਂ ਲਈ ਵਿਸ਼ੇਸ਼ ਰੈਂਪ ਬਣਾਇਆ ਗਿਆ ਹੈ ਅਤੇ ਵ੍ਹੀਲਚੇਅਰ ਦਾ ਪ੍ਰਬੰਧ ਵੀ ਹੈ। ਸੰਸਾਰ ਪੱਧਰ ਦੀ ਆਡੀਓ ਵਿਜ਼ੁਅਲ ਯਾਤਰੀ ਸੂਚਨਾ ਤੇ ਕਿਰਾਇਆ ਪ੍ਰਣਾਲੀ ਦੇ ਨਾਲ ਇਹ ਬੱਸਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਨੂੰ ਆਪਸ 'ਚ ਜੋੜਨਗੀਆਂ। ਇਹ ਹਨ ਰੂਟ- ਬੀ. ਆਰ. ਟੀ. ਐੱਸ. ਰੂਟ ਨਾਲ ਕੌਮਾਂਤਰੀ ਬੱਸ ਅੱਡਾ, ਰੇਲਵੇ ਸਟੇਸ਼ਨ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਸਿੱਖਿਆ ਸੰਸਥਾਵਾਂ, ਸ਼ਾਪਿੰਗ ਵਾਲੀ ਜਗ੍ਹਾ, ਵੇਰਕਾ, ਨਿਊ ਅੰਮ੍ਰਿਤਸਰ ਤੇ ਛੇਹਰਟਾ ਨੂੰ ਆਪਸ ਵਿਚ ਜੋੜਿਆ ਗਿਆ ਹੈ। ਇੰਡੀਆ ਗੇਟ ਤੋਂ ਰੇਲਵੇ ਸਟੇਸ਼ਨ ਦਾ ਕਾਰੀਡੋਰ, ਵੇਰਕਾ ਬਾਈਪਾਸ ਤੋਂ ਵਿਜੇ ਨਗਰ, ਮਾਲ ਰੋਡ, ਕਿਚਲੂ ਚੌਕ, ਰੇਲਵੇ ਸਟੇਸ਼ਨ ਦਾ ਕਾਰੀਡੋਰ, ਰੇਲਵੇ ਸਟੇਸ਼ਨ ਭੰਡਾਰੀ ਪੁਲ ਤੋਂ ਅੰਤਰਰਾਸ਼ਟਰੀ ਬੱਸ ਸਟੈਂਡ ਤੋਂ ਅਟਾਰੀ ਗੇਟ ਦਾ ਕਾਰੀਡੋਰ ਬਣਾਇਆ ਗਿਆ ਹੈ। ਇਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਟ੍ਰੈਫਿਕ ਅਤੇ ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ। ਹਰ ਰੋਜ਼ 28 ਹਜ਼ਾਰ ਦੇ ਕਰੀਬ ਯਾਤਰੀ ਸਫਰ ਕਰ ਰਹੇ ਹਨ। ਸ਼ਹਿਰ 'ਚ ਆਟੋ ਦੀ ਗਿਣਤੀ ਵੀ ਘੱਟ ਹੋਈ ਹੈ। ਸਕੂਲੀ ਬੱਚਿਆਂ ਲਈ ਅੱਗੋਂ ਵੀ ਫ੍ਰੀ ਸਫਰ ਰਹੇਗਾ ਤੇ ਕਾਲਜ ਦੇ ਸਟੂਡੈਂਟਸ ਲਈ 50 ਫ਼ੀਸਦੀ ਛੋਟ ਰਹੇਗੀ ਤੇ ਬਾਕੀ ਲੋਕਾਂ ਲਈ ਸਾਧਾਰਨ ਕਿਰਾਇਆ ਰਹੇਗਾ। –ਹਰਵਿੰਦਰ ਸਿੰਘ ਗਾਰਾ, ਆਪ੍ਰੇਸ਼ਨ ਹੈੱਡ ਬੀ. ਆਰ. ਟੀ. ਐੱਸ. ਪ੍ਰਾਜੈਕਟ
ਭਗਵੰਤ ਮਾਨ ਨੂੰ ਘੇਰਨ ਲਈ ਖਹਿਰਾ ਦਾ ਮਾਸਟਰ ਪਲਾਨ, ਇਹ ਹੋ ਸਕਦੈ ਉਮੀਦਵਾਰ!
NEXT STORY