ਅੰਮ੍ਰਿਤਸਰ (ਰਮਨ) : ਨਗਰ ਨਿਗਮ ਮੁਹੱਲਾ ਸੁਧਾਰ ਕਮੇਟੀ 'ਚ ਕੰਮ ਕਰ ਰਹੇ ਸੀਵਰਮੈਨ ਜਗੀਰ ਸਿੰਘ ਦੀ 25 ਫਰਵਰੀ ਨੂੰ ਡਿਊਟੀ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ 2 ਬੇਟੇ, ਇਕ ਬੇਟੀ ਛੱਡ ਗਿਆ ਹੈ। ਉਸ ਦੀ ਪਤਨੀ ਗੁਰਮੀਤ ਕੌਰ ਨੂੰ ਇਨਸਾਫ ਅਤੇ ਸਰਕਾਰੀ ਸੁਵਿਧਾਵਾਂ ਦਿਵਾਉਣ ਲਈ ਯੂਨੀਅਨ ਦੇ ਮੈਂਬਰ ਤੇ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਨਿਗਮ ਦਫ਼ਤਰ 'ਚ ਆ ਕੇ ਮਿਲੇ ਪਰ ਉਨ੍ਹਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆਇਆ। ਵੀਰਵਾਰ ਨੂੰ ਵੀ ਕਮਿਸ਼ਨਰ ਕੋਮਲ ਮਿੱਤਲ ਤੇ ਹੋਰ ਅਧਿਕਾਰੀ ਪਰਿਵਾਰਕ ਮੈਂਬਰਾਂ ਅਤੇ ਯੂਨੀਅਨ ਨੂੰ ਮਿਲੇ ਪਰ ਗੱਲ ਨਹੀਂ ਬਣੀ। ਇਸ ਤੋਂ ਬਾਅਦ ਵੀਰਵਾਰ ਨੂੰ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਆਈ. ਪੀ. ਐੱਸ. ਦੀ ਧਾਰਾ 304-ਏ, ਆਈ. ਪੀ. ਸੀ. 3 (1) ਜੇ. ਐੱਸ. ਸੀ./ਐੱਸ. ਟੀ. ਐਕਟ ਤਹਿਤ ਨਿਗਮ ਦੇ ਐੱਸ. ਈ., ਐਕਸੀਅਨ, ਐੱਸ. ਡੀ. ਓ. ਤੇ ਜੇ. ਈ. ਖਿਲਾਫ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ, ਜਿਸ ਵਿਚ ਉਸ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਉਸ ਦੇ ਪਤੀ ਦੀ ਮੌਤ ਹੋਈ ਹੈ।
ਮ੍ਰਿਤਕ ਦਾ ਪਰਿਵਾਰ ਤੇ ਯੂਨੀਅਨ ਦੇ ਮੈਂਬਰ ਇਸ ਗੱਲ 'ਤੇ ਅੜੇ ਰਹੇ ਕਿ ਉਹ ਤਦ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ, ਜਦੋਂ ਤੱਕ ਨਿਗਮ ਪ੍ਰਸ਼ਾਸਨ ਉਨ੍ਹਾਂ ਨੂੰ ਲਿਖਤੀ ਮੁਆਵਜ਼ਾ ਅਤੇ ਨੌਕਰੀ ਨਹੀਂ ਦੇਵੇਗਾ। ਅੱਜ ਸਵੇਰੇ 10.30 ਵਜੇ ਨਿਗਮ ਦਫ਼ਤਰ 'ਚ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ, ਐੱਸ. ਈ. ਅਨੁਰਾਗ ਮਹਾਜਨ ਅਤੇ ਚੇਅਰਮੈਨ ਮਹੇਸ਼ ਖੰਨਾ ਨੇ ਯੂਨੀਅਨ ਦੇ ਮੈਂਬਰਾਂ ਨਾਲ ਬੈਠਕ ਕੀਤੀ, ਜੋ ਕਿ 3 ਘੰਟੇ ਚੱਲੀ। ਨਿਗਮ ਵੱਲੋਂ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ, ਯੂਨੀਅਨ ਨੇਤਾ ਚੰਦਨ ਗਰੇਵਾਲ, ਅਨਿਲ ਭੱਟੀ, ਅਮਰਜੀਤ ਸਿੰਘ ਆਂਸਲ, ਵਿਜੇ ਕੁਮਾਰ ਤੇ ਦੀਪਕ ਗਿੱਲ ਦੀ ਹਾਜ਼ਰੀ 'ਚ ਸਮਝੌਤਾ ਹੋਇਆ ਕਿ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੱਕੀ ਸਰਕਾਰੀ ਨੌਕਰੀ, 10 ਲੱਖ ਰੁਪਏ ਬੀਮੇ ਦੀ ਰਕਮ ਅਤੇ ਹੋਰ ਬਣਦੇ ਲਾਭ ਨਿਯਮਾਂ ਮੁਤਾਬਕ ਦਿੱਤੇ ਜਾਣਗੇ। ਇਸ ਸਬੰਧੀ ਮਤਾ ਬਜਟ ਦੀ ਬੈਠਕ ਨਾਲ ਵਿਸ਼ੇਸ਼ ਬੈਠਕ ਸੱਦ ਕੇ ਪੇਸ਼ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਬਿਨਾਂ ਦੇਰੀ ਦੇ ਭੇਜਿਆ ਜਾਵੇਗਾ। ਜੇਕਰ ਬੀਮੇ ਦੀ ਰਕਮ ਪਾਸ ਨਹੀਂ ਹੁੰਦੀ ਤਾਂ ਉਸ ਦੀ ਅਦਾਇਗੀ ਨਿਗਮ ਵੱਲੋਂ ਆਪਣੇ ਪੱਧਰ 'ਤੇ ਕੀਤੀ ਜਾਵੇਗੀ। ਬਜਟ ਦੀ ਬੈਠਕ 31 ਮਾਰਚ ਤੋਂ ਪਹਿਲਾਂ ਕੀਤੀ ਜਾਵੇਗੀ। ਨਿਯੁਕਤੀ ਪੱਤਰ ਸਬਜੈਕਟ ਟੂ ਅਪਰੂਵਲ ਆਫ ਗਵਰਨਮੈਂਟ ਦੀ ਬੈਠਕ ਬਾਅਦ ਜਾਰੀ ਕੀਤੀ ਜਾਵੇਗੀ।
ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਮੈਂਬਰਾਂ ਵੱਲੋਂ ਇਹ ਸਹਿਮਤੀ ਦਿੱਤੀ ਗਈ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਨਹੀਂ ਕਰਨਗੇ। ਇਸ ਸਬੰਧੀ ਉਨ੍ਹਾਂ ਵੱਲੋਂ ਦਰਜ ਕਰਵਾਈ ਹਰ ਸ਼ਿਕਾਇਤ ਨੂੰ ਉਹ ਵਾਪਸ ਲੈਣਗੇ। ਸਮਝੌਤਾ ਹੋਣ ਬਾਅਦ ਜਗੀਰ ਸਿੰਘ ਦਾ ਅੰਤਿਮ ਸੰਸਕਾਰ ਹੋਇਆ। ਇਸ ਦੌਰਾਨ ਨਿਗਮ ਅਧਿਕਾਰੀਆਂ ਸਮੇਤ ਸਮੂਹ ਕਰਮਚਾਰੀ ਮੌਜੂਦ ਸਨ। ਇਸ ਦੌਰਾਨ ਯੂਨੀਅਨ ਨੇਤਾ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ। ਠੇਕੇਦਾਰੀ ਦੀ ਲਾਹਨਤ ਨੂੰ ਦੂਰ ਕਰਨਾ ਹੈ। ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਉਹ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਹਨ। ਹਰ ਸਾਲ ਅਨੇਕਾਂ ਮੌਤਾਂ ਸੀਵਰੇਜ ਵਿਚ ਕਰਮਚਾਰੀਆਂ ਦੀਆਂ ਹੋਈਆਂ ਹਨ। ਸਰਕਾਰ ਦੇ ਪ੍ਰਤੀਨਿਧੀ ਸੌਂ ਰਹੇ ਹਨ। ਸਾਰਿਆਂ ਨੂੰ ਇਕ ਹੋਣਾ ਹੋਵੇਗਾ ਅਤੇ ਲੜਾਈ ਲੜਨੀ ਪਵੇਗੀ।
ਨਿਗਮ ਦਫ਼ਤਰ 'ਚ ਦਾਖਲ ਨਾ ਹੋਣ 'ਤੇ ਭੜਕੇ ਕਰਮਚਾਰੀ
ਨਗਰ ਨਿਗਮ ਦਫ਼ਤਰ 'ਚ ਸੀਵਰੇਜ ਯੂਨੀਅਨ ਦੇ ਮੈਂਬਰ ਅਤੇ ਪਰਿਵਾਰਕ ਮੈਂਬਰ ਜਿਵੇਂ ਹੀ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਪੁਲਸ ਨੇ ਰੋਕ ਦਿੱਤਾ। ਇਸ ਦੌਰਾਨ ਨਿਗਮ ਕੰਪਲੈਕਸ ਵਿਚ ਪੁਲਸ ਅਧਿਕਾਰੀ ਏ. ਸੀ. ਪੀ. ਕੇਵਲ ਕਿਸ਼ੋਰ ਸਮੇਤ ਭਾਰੀ ਪੁਲਸ ਫੋਰਸ ਮੌਜੂਦ ਸੀ। ਇਸ ਦੌਰਾਨ ਭੜਕੇ ਲੋਕਾਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਨੂੰ ਸ਼ਹਿਰ ਦੇ ਭਵਨਾਂ 'ਚ ਐਡਜਸਟ ਕਰਨ ਦੇ ਦਿੱਤੇ ਹੁਕਮ
NEXT STORY