ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. (ਇੰਟੈਗਰੇਟੇਡ ਚੈੱਕ-ਪੋਸਟ) ਅਟਾਰੀ ਬਾਰਡਰ 'ਤੇ ਪਾਕਿਸਤਾਨ ਦੇ ਰਸਤੇ ਭਾਰਤ ਆਉਣ ਵਾਲੇ ਸੇਬ ਨੂੰ ਅਫਗਾਨਿਸਤਾਨ ਦੇ ਵਪਾਰੀਆਂ ਨੇ ਟਰਾਂਸਪੇਰੈਂਟ ਪੇਟੀਆਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਵਾਈ ਦਾ ਉਦੇਸ਼ ਸੋਨਾ ਸਮੱਗਲਰਾਂ ਦੇ ਇਰਾਦਿਆਂ ਨੂੰ ਅਸਫਲ ਕਰਨਾ ਹੈ। ਇਸ ਤੋਂ ਪਹਿਲਾਂ ਗੱਤੇ ਦੀਆਂ ਪੇਟੀਆਂ ਵਿਚ ਸੇਬ ਦਰਾਮਦ ਕੀਤਾ ਜਾਂਦਾ ਸੀ।
ਜਾਣਕਾਰੀ ਅਨੁਸਾਰ ਪਿਛਲੇ ਸਾਲ 6 ਦਸੰਬਰ ਨੂੰ ਅਫਗਾਨਿਸਤਾਨ 'ਚੋਂ ਆਈਆਂ ਸੇਬ ਦੀਆਂ ਪੇਟੀਆਂ 'ਚੋਂ ਕਸਟਮ ਵਿਭਾਗ ਦੀ ਟੀਮ ਨੇ 33 ਕਿਲੋ ਸੋਨੇ ਦੀ ਖੇਪ ਨੂੰ ਜ਼ਬਤ ਕੀਤਾ ਸੀ, ਜੋ ਦੇਸ਼ ਦੇ ਜ਼ਮੀਨੀ ਰਸਤੇ ਵਿਚ ਕਿਸੇ ਲੈਂਡ ਪੋਰਟ 'ਤੇ ਫੜੀ ਗਈ ਸੋਨੇ ਦੀ ਸਭ ਤੋਂ ਵੱਡੀ ਖੇਪ ਸੀ। ਇਸ ਕੇਸ ਤੋਂ ਬਾਅਦ ਭਾਰਤੀ ਵਪਾਰੀਆਂ ਨੇ ਅਫਗਾਨੀ ਸੇਬ ਦੀ ਦਰਾਮਦ ਬੰਦ ਕਰ ਦਿੱਤੀ ਸੀ। ਪਿਛਲੇ ਇਕ ਹਫ਼ਤੇ ਤੋਂ ਅਫਗਾਨੀ ਸੇਬ ਦੀ ਆਮਦ ਫਿਰ ਤੋਂ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਵੀ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਸੇਬ ਦੇ ਚਾਰ ਟਰੱਕ ਆਏ ਹਨ। ਇਸ ਮਾਮਲੇ 'ਚ ਭਾਰਤੀ ਵਪਾਰੀਆਂ ਨੇ ਅਫਗਾਨੀ ਵਪਾਰੀਆਂ ਨੂੰ ਸੁਚੇਤ ਕੀਤਾ ਸੀ ਕਿ ਉਹ ਸੇਬ ਦੀ ਪੈਕਿੰਗ ਇਸ ਤਰ੍ਹਾਂ ਨਾਲ ਕਰਨ ਜਿਸ ਦੇ ਨਾਲ ਚੈਕਿੰਗ ਦੇ ਦੌਰਾਨ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਕਸਟਮ ਵਿਭਾਗ ਨੂੰ ਵੀ ਚੈਕਿੰਗ ਕਰਨ 'ਚ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਭਾਰਤੀ ਵਪਾਰੀਆਂ ਦੇ ਕਹਿਣ ਤੋਂ ਬਾਅਦ ਅਫਗਾਨਿਸਤਾਨ ਨੇ ਪਲਾਸਟਿਕ ਦੀਆਂ ਟਰਾਂਸਪੇਰੈਂਟ ਪੇਟੀਆਂ ਵਿਚ ਸੇਬ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਆਏ ਪਿਆਜ਼ ਦੇ 2 ਹਜ਼ਾਰ ਤੋਂ ਜ਼ਿਆਦਾ ਟਰੱਕਾਂ ਵਿਚ ਵੀ ਅਫਗਾਨੀ ਵਪਾਰੀਆਂ ਨੇ ਭਾਰਤ ਨੂੰ ਭੇਜਣ ਵਾਲਾ ਪਿਆਜ਼ ਟਰਾਂਸਪੇਰੈਂਟ ਪਲਾਸਟਿਕ ਥੈਲੀਆਂ ਵਿਚ ਭੇਜਿਆ ਸੀ ਤਾਂਕਿ ਘੱਟ ਤੋਂ ਘੱਟ ਸਮੇਂ ਵਿਚ ਦਰਾਮਦ ਪਿਆਜ਼ ਦੀ ਚੈਕਿੰਗ ਕੀਤੀ ਜਾ ਸਕੇ।
ਅਫਗਾਨੀ ਸੇਬ 'ਤੇ ਕਸਟਮ ਵਿਭਾਗ ਦੀ ਪੈਨੀ ਨਜ਼ਰ
ਪਹਿਲਾਂ ਅਫਗਾਨੀ ਸੇਬ ਦੀਆਂ ਪੇਟੀਆਂ 'ਚੋਂ 33 ਕਿਲੋ ਸੋਨਾ ਅਤੇ ਉਸ ਦੇ ਬਾਅਦ ਪਾਕਿਸਤਾਨ ਤੋਂ ਦਰਾਮਦ ਲੂਣ ਦੀ ਖੇਪ ਨਾਲ 532 ਕਿਲੋ ਹੈਰੋਇਨ ਜ਼ਬਤ ਕਰਨ ਦੇ ਬਾਅਦ ਕਸਟਮ ਵਿਭਾਗ ਪੂਰੀ ਤਰ੍ਹਾਂ ਨਾਲ ਅਲਰਟ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਸੇਬ 'ਤੇ ਪੈਨੀ ਨਜ਼ਰ ਰੱਖੇ ਹੋਏ ਹਨ। ਸੇਬ ਦੀਆਂ ਪੇਟੀਆਂ ਦੀ ਰੈਮੇਜਿੰਗ ਦਾ ਕੰਮ ਪੂਰੀ ਸਖਤੀ ਦੇ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਆਈ. ਸੀ. ਪੀ. 'ਤੇ ਟਰੱਕ ਸਕੈਨਰ ਸ਼ੁਰੂ ਨਹੀਂ ਹੋ ਸਕਿਆ ਹੈ।
ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਪੰਜਾਬ ਸਰਕਾਰ ਚੁੱਕੇਗੀ ਸਖਤ ਕਦਮ
NEXT STORY