ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਪਾਰਟੀ ਵਲੋਂ ਕਮਲ ਨਾਥ ਨੂੰ ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਉਣ ਦੇ ਫੈਸਲੇ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪੜ ਕੇ ਸਿੱਖ ਕੌਮ ਦੇ ਰਿਸਦੇ ਜ਼ਖਮਾਂ 'ਤੇ ਲੂਣ ਪਾਇਆ ਹੈ। ਹੁਣ ਕਾਂਗਰਸ ਵਲੋਂ ਕਮਲ ਨਾਥ ਨੂੰ ਦਿੱਲੀ ਚੋਣਾਂ ਸਮੇਂ ਸਟਾਰ ਪ੍ਰਚਾਰਕ ਬਣਾਉਣਾ ਇਸੇ ਸਿੱਖ ਵਿਰੋਧੀ ਮਨਸ਼ਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦਾ ਵੀ ਨਾਮ ਬੋਲਦਾ ਹੈ, ਜਦਕਿ ਕਾਂਗਰਸ ਉਸ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਸ ਨੂੰ ਅਹੁਦੇ ਦੇ ਕੇ ਨਿਵਾਜਦੀ ਰਹੀ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਂਗਰਸ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਾਮੇਸ਼ਾਂ 1984 ਦੇ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰਦੀ ਰਹੀ ਹੈ ਪਰ ਸਰਕਾਰ 'ਚ ਤਬਦੀਲੀ ਤੋਂ ਬਾਅਦ ਪੀੜਤਾਂ ਨੂੰ ਨਿਆਂ ਮਿਲਣਾ ਸ਼ੁਰੂ ਹੋਇਆ ਹੈ। ਸੱਜਣ ਕੁਮਾਰ ਸਮੇਤ ਕਈ ਹੋਰ ਦੋਸ਼ੀ ਜੇਲ੍ਹਾਂ ਵਿਚ ਡੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖ ਕਾਂਗਰਸ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਨਗੇ।
ਮਜ਼ਾਕ ਬਣ ਕੇ ਰਹਿ ਗਿਆ ਐਗਰੀਕਲਚਰ ਕਾਲਜ ਦਾ ਨੀਂਹ ਪੱਥਰ
NEXT STORY