ਅੰਮ੍ਰਿਤਸਰ (ਛੀਨਾ) - ਜੀਵਨ ਜਾਗ੍ਰਿਤੀ ਫਾਊਂਡੇਸ਼ਨ (ਰਜਿ.) ਦੇ ਪ੍ਰਧਾਨ ਗੁਰਜੀਤ ਸਿੰਘ ਸੰਧੂ ਤੇ ਸਾਥੀਆਂ ਦਾ ਇਕ ਵਫਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ। ਇਸ ਮੌਕੇ ਗੁਰਜੀਤ ਸਿੰਘ ਸੰਧੂ ਨੇ ਜਥੇਦਾਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸਿੱਖ ਕੌਮ ਦੇ ਗੁਰੂ ਸਾਹਿਬਾਨ ਤੇ ਸ਼ਹੀਦ ਸਿੰਘਾਂ ਦੇ ਜਨਮ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਰੀਕਾਂ ਨੂੰ ਵਾਰ-ਵਾਰ ਬਦਲ ਕੇ ਸਿੱਖ ਕੌਮ 'ਚ ਕਿਉਂ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਇਸ ਕਾਰਨ ਦੇਸ਼-ਵਿਦੇਸ਼ 'ਚ ਰਹਿੰਦੀਆਂ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ ਤੇ ਉਨ੍ਹਾਂ ਨਾਲ ਲੰਮੀ ਵਿਚਾਰ-ਚਰਚਾ ਤੋਂ ਬਾਅਦ ਹੀ ਅਸੀਂ ਇਸ ਮਸਲੇ ਦੇ ਪੁਖਤਾ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਹਾਂ।
ਸ. ਸੰਧੂ ਨੇ ਕਿਹਾ ਕਿ ਸਿੱਖ ਕੌਮ ਦੇ ਗੁਰੂ ਸਾਹਿਬਾਨ ਤੇ ਸ਼ਹੀਦ ਸਿੰਘਾਂ ਦੇ ਜਨਮ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਰੀਕਾਂ ਨੂੰ ਇਕਸਾਰ ਰੱਖਿਆ ਜਾਵੇ ਅਤੇ ਉਸ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਾ ਕੀਤੀ ਜਾਵੇ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਫਦ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਇਸ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿਵਾਇਆ। ਇਸ ਸਮੇਂ ਗੁਰਵਿੰਦਰ ਸਿੰਘ ਔਲਖ, ਹਰਪ੍ਰੀਤ ਸਿੰਘ ਗੋਗਨਾ, ਸਿਮਰ ਕਬੱਡੀ, ਸਰਬਜੋਤ ਸਿੰਘ, ਰਵੀਦੀਪ ਸਿੰਘ, ਮਣੀ ਸਿੰਘ ਤੇ ਹੋਰ ਵੀ ਸਾਥੀ ਹਾਜ਼ਰ ਸਨ।
ਸਕਿਓਰਿਟੀ ਗਾਰਡ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
NEXT STORY