ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਉਨ੍ਹਾਂ 'ਤੇ ਅੰਤਰਰਾਜੀ ਬੀਜ ਘਪਲੇ ਰਾਹੀਂ 'ਅੰਨਦਾਤੇ' ਨਾਲ 4 ਹਜ਼ਾਰ ਕਰੋੜ ਦੀ ਠੱਗੀ ਮਾਰਨ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਕੇਸ ਦਰਜ ਕਰਵਾਉਣ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਪੀ.ਆਰ. 128 ਅਤੇ ਪੀ.ਆਰ. 129 ਕਿਸਮਾਂ ਦੇ ਨਕਲੀ ਬੀਜਾਂ ਰਾਹੀਂ 6 ਲੱਖ ਏਕੜ ਵਿਚ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ ਤਾਂ ਜੋ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ।
ਇੱਥੇ ਪਾਰਟੀ ਦਫਤਰ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰੰਧਾਵਾ 'ਤੇ ਧਾਰਾ 120 (ਬੀ) ਤਹਿਤ ਕੇਸ ਦਰਜ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੇ ਆਪਣੇ ਨੇੜਲੇ ਸਹਿਯੋਗੀ ਤੇ ਨਕਲੀ ਬੀਜ ਦੇ ਉਤਪਾਦਕ ਲੱਕੀ ਢਿੱਲੋਂ ਦੇ ਅਪਰਾਧ 'ਤੇ ਪਰਦਾ ਪਾਉਣ ਲਈ ਸੂਬਾਈ ਸਕੱਤਰੇਤ 'ਚ ਪ੍ਰੈੱਸ ਕਾਨਫਰੰਸ ਦੌਰਾਨ ਜਾਅਲੀ ਬਿੱਲ ਪੇਸ਼ ਕੀਤੇ ਸਨ। ਲੱਕੀ ਜੋ ਕਿ ਕਰਨਾਲ ਐਗਰੀ ਸੀਡਜ਼ ਦਾ ਮਾਲਕ ਹੈ, ਦੀ ਡਟਵੀਂ ਹਮਾਇਤ ਕਰਨ ਨਾਲ ਨਕਲੀ ਬੀਜ ਉਤਪਾਦਕ ਦੀ ਗ੍ਰਿਫਤਾਰੀ ਲਟਕ ਗਈ ਤੇ ਉਸ ਨੂੰ ਨਕਲੀ ਬੀਜ ਨੂੰ ਖੁਰਦ-ਬੁਰਦ ਕਰਨ ਦਾ ਸਮਾਂ ਮਿਲ ਗਿਆ।
ਮਜੀਠੀਆ ਨੇ ਆਖਿਆ ਕਿ ਰੰਧਾਵਾ ਖਿਲਾਫ਼ ਨਾ ਸਿਰਫ ਮੁੱਖ ਦੋਸ਼ੀ ਦੀ ਪੁਸ਼ਤਪਨਾਹੀ ਕਰਨ ਬਲਕਿ ਸਾਰੇ ਘਪਲੇ ਵਿਚ ਭਾਈਵਾਲ ਬਣਨ ਦੇ ਦੋਸ਼ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਹਾਲੇ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ, ਸੋਨੀਆ ਤੇ ਰਾਹੁਲ ਗਾਂਧੀ ਸਮੇਤ ਇਸਦੀ ਕੇਂਦਰੀ ਲੀਡਰਸ਼ਿਪ ਨੂੰ ਦੇਸ਼ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ।
ਮਜੀਠੀਆ ਨੇ ਹਰਿਆਣਾ 'ਚ ਲੱਕੀ ਢਿੱਲੋਂ ਖਿਲਾਫ ਦਰਜ ਹੋਈ ਐੱਫ. ਆਈ. ਆਰ. ਦੀ ਕਾਪੀ ਵੀ ਵਿਖਾਈ, ਜੋ ਕਿ ਉਸ ਵਲੋਂ ਕਰਨਾਲ ਵਿਖੇ ਕਰਨਾਲ ਸੀਡਜ਼ ਦਾ ਜਾਅਲੀ ਦਫਤਰ ਬਣਾਉਣ ਕਾਰਨ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਨੇ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਲੱਕੀ ਦੇ ਇਕ ਸਹਿਯੋਗੀ ਨੇ ਇਕ ਅਜਿਹੇ ਪਤੇ 'ਤੇ ਗਲਤ ਐਗਰੀਮੈਂਟ ਡੀਡ ਸਾਈਨ ਕਰਵਾਈ, ਜਿਸ ਦਾ ਅਸਲ ਮਾਲਕ 20 ਸਾਲ ਪਹਿਲਾਂ ਦੁਬਈ ਚਲਾ ਗਿਆ ਸੀ।
ਮਜੀਠੀਆ ਨੇ ਬੀਜ ਘਪਲੇ ਦੇ ਇਕ ਹੋਰ ਤੱਥ ਦਾ ਵੀ ਖੁਲਾਸਾ ਕੀਤਾ ਕਿ ਰੰਧਾਵਾ ਦੇ ਇਕ ਹੋਰ ਨਜ਼ਦੀਕੀ ਨੂੰ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਇਹੀ ਵਿਅਕਤੀ ਪਹਿਲਾਂ ਇਨ੍ਹਾਂ ਘਪਲੇਬਾਜ਼ਾਂ ਦਾ ਸੇਲਜ਼ਮੈਨ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਐੱਨ. ਐੱਸ. ਤੋਮਰ ਨੂੰ ਘਪਲੇ ਦੀ ਜਾਣਕਾਰੀ ਦੇ ਕੇ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮਾਮਲੇ ਦੀ ਪੜਤਾਲ ਬਹੁਤ ਜ਼ਰੂਰਤ ਹੈ, ਕਿਉਂਕਿ ਪੰਜਾਬ ਪੁਲਸ ਮਾਮਲੇ ਵਿਚ ਪੈਰ ਪਿੱਛੇ ਖਿੱਚ ਰਹੀ ਹੈ ਤੇ ਹਾਲੇ ਤਕ ਮੁੱਖ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਹਾਜ਼ਰ ਸਨ।
ਐੱਸ. ਜੀ. ਪੀ. ਸੀ. ਦੀ ਅੰਤ੍ਰਿੰਗ ਕਮੇਟੀ ਨੇ ਲਗਾਈ ਅਹਿਮ ਫੈਸਲਿਆਂ 'ਤੇ ਮੋਹਰ
NEXT STORY