ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਪਿੰਡ ਹਮਜਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ 4 ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਨੌਜਵਾਨ ਨੂੰ ਲੋਹੇ ਦੀਆਂ ਰਾਡਾਂ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਪਿੰਡ ਹਮਜਾ ਵਾਸੀ ਗੁਰਜੀਤ ਸਿੰਘ ਉਰਫ ਗੋਲਡੀ ਪੁੱਤਰ ਕੁਲਵੰਤ ਸਿੰਘ ਸਵੇਰੇ ਜਦੋਂ ਆਪਣੇ ਨਵੇਂ ਬਣ ਰਹੇ ਮਕਾਨ ਦੀਆਂ ਕੰਧਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਥੇ 4 ਅਣਪਛਾਤੇ ਨੌਜਵਾਨ 2 ਮੋਟਰਸਾਈਕਲਾਂ 'ਤੇ ਆਏ ਅਤੇ ਉਨ੍ਹਾਂ ਵਿਚੋਂ 2 ਨੌਜਵਾਨਾਂ ਨੇ ਆਪਣੇ ਕੋਲ ਫੜੀਆਂ ਲੋਹੇ ਦੀਆਂ ਰਾਡਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਿਵੇਂ ਹੀ ਗੋਲਡੀ ਨੇ ਉਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੇ ਆਪਣੀ ਪਿਸਤੌਲ ਨਾਲ ਉਸ 'ਤੇ 3 ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪਿੰਡ ਦੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਚਾਰੇ ਹਮਲਾਵਰ ਭੱਜਣ ਵਿਚ ਸਫਲ ਹੋ ਗਏ। ਜ਼ਖਮੀ ਗੋਲਡੀ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਗੋਲਡੀ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੀ ਪਿੰਡ ਦੇ ਹੀ ਨੌਜਵਾਨ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਹਮਲਾ ਉਸ ਨੇ ਹੀ ਕਰਵਾਇਆ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਜ਼ਖ਼ਮੀ ਤੇ ਉਸ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੀ ਪਾਵਾਂਗਾ : ਪੀਟਰ ਮਸੀਹ (ਵੀਡੀਓ)
NEXT STORY