ਬਟਾਲਾ, (ਬੇਰੀ, ਵਿਪਨ, ਯੋਗੀ, ਅਸ਼ਵਨੀ, ਭੱਲਾ, ਰਾਘਵ, ਸੈਂਡੀ)- ਅੱਜ ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਵੱਲੋਂ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਖਿਲਾਫ ਮੋਰਚਾ ਖੋਲ੍ਹਦਿਆਂ ਜਿਥੇ 3 ਸਾਲ ਦੇ ਬੱਚੇ ਸਰਕਾਰੀ ਸਕੂਲਾਂ 'ਚ ਦਾਖਲ ਕਰਨ ਦਾ ਵਿਰੋਧ ਕੀਤਾ, ਉਥੇ ਨਾਲ ਹੀ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ 'ਚ ਰੋਸ ਮਾਰਚ ਕੱਢਦਿਆਂ ਖੂਨ ਨਾਲ ਲਿਖਿਆ ਮੰਗ-ਪੱਤਰ ਸਿੱਖਿਆ ਸਕੱਤਰ ਤੇ ਬਾਲ ਵਿਕਾਸ ਮੰਤਰੀ ਰਜੀਆ ਸੁਲਤਾਨਾ ਦੇ ਨਾਂ ਭੇਜਿਆ। ਰੋਸ ਮਾਰਚ ਕੱਢਣ ਤੋਂ ਬਾਅਦ ਗਾਂਧੀ ਚੌਕ 'ਚ ਸੈਂਕੜਿਆਂ ਦੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ, ਜਦਕਿ ਕਿਸੇ ਵੀ ਪ੍ਰਕਾਰ ਦੀ ਘਟਨਾ ਵਾਪਰਨ ਤੋਂ ਰੋਕਣ ਲਈ ਵੱਡੀ ਗਿਣਤੀ 'ਚ ਸ਼ਹਿਰ 'ਚ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਇਸ ਮੌਕੇ ਬਲਾਕ ਪ੍ਰਧਾਨ ਤੇ ਜ਼ਿਲਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆਂ ਨੇ ਦੱਸਿਆ ਕਿ ਉਹ ਪਿਛਲੇ 42 ਸਾਲਾਂ ਤੋਂ ਇਨ੍ਹਾਂ ਬੱਚਿਆਂ ਨੂੰ ਪ੍ਰੀ-ਸਕੂਲ ਦੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਅਤੇ ਨਾ ਹੀ ਆਂਗਣਵਾੜੀ ਵਰਕਰਾਂ ਦਾ ਕੋਈ ਧਿਆਨ ਰੱਖਿਆ, ਜਦਕਿ ਆਂਗਣਵਾੜੀ ਵਰਕਰਜ਼ ਮੰਗ ਕਰਦੀਆਂ ਰਹੀਆਂ ਹਨ ਕਿ ਸਕੂਲਾਂ 'ਚ ਦਾਖਲੇ ਸਮੇਂ ਆਂਗਣਵਾੜੀ ਦਾ ਸਰਟੀਫਿਕੇਟ ਲਾਗੂ ਕੀਤਾ ਜਾਵੇ ਪਰ ਕਿਸੇ ਨੇ ਸਾਡੀ ਇਕ ਨਾ ਸੁਣੀ। ਉਨ੍ਹਾਂ ਸਿੱਖਿਆ ਸਕੱਤਰ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਜਲਦਬਾਜ਼ੀ 'ਚ ਨਰਸਰੀ ਕਲਾਸਾਂ ਸ਼ੁਰੂ ਕਰਕੇ ਸਰਵ ਸਿੱਖਿਆ ਅਭਿਆਨ ਤਹਿਤ ਪ੍ਰੀ-ਸਕੂਲਾਂ ਦੀਆਂ ਕਿੱਟਾਂ ਖਰੀਦਣ ਦੇ ਇੱਛੁਕ ਹਨ ਤਾਂ ਜੋ ਕਥਿਤ ਤੌਰ 'ਤੇ ਰਕਮ ਇਧਰ-ਉਧਰ ਕੀਤੀ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਤੇ ਹੈਲਪਰਾਂ ਜੋ ਯੋਗਤਾ ਪੂਰੀਆਂ ਕਰਦੀਆਂ ਹਨ, ਨੂੰ ਤੁਰੰਤ ਪ੍ਰਾਇਮਰੀ ਅਧਿਆਪਕਾਂ ਦਾ ਦਰਜਾ ਦਿੱਤਾ ਜਾਵੇ, ਜਦਕਿ ਹੋਰਨਾਂ ਨੂੰ ਦਿੱਲੀ ਪੈਟਰਨ 'ਤੇ ਮਾਣਭੱਤਾ ਦਿੱਤਾ ਜਾਵੇ।
ਗੁਰਦਾਸਪੁਰ, (ਵਿਨੋਦ, ਦੀਪਕ)-ਇਸੇ ਤਰ੍ਹਾਂ ਗੁਰਦਾਸਪੁਰ 'ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਥਾਨਕ ਹਨੂਮਾਨ ਚੌਕ 'ਚ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਤੇ ਸਿੱਖਿਆ ਸਕੱਤਰ ਦੇ ਨਾਂ 'ਤੇ ਖੂਨ ਨਾਲ ਲਿਖੇ ਪੱਤਰ ਨੂੰ ਤਹਿਸੀਲਦਾਰ ਨਵਤੇਜ ਸਿੰਘ ਸੋਢੀ ਨੂੰ ਸੌਂਪਿਆ।
ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ 42 ਸਾਲਾਂ ਤੋਂ ਇਨ੍ਹਾਂ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇ ਰਹੇ ਹਾਂ ਪਰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਬੱਚਿਆਂ ਨੂੰ ਸਹੂਲਤ ਦਿੱਤੀ ਹੈ ਤੇ ਨਾ ਹੀ ਆਂਗਣਵਾੜੀ ਸੈਂਟਰਾਂ ਵੱਲ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਆਂਗਣਵਾੜੀ ਬੱਚਿਆਂ ਦਾ ਸਰਟੀਫਿਕੇਟ ਜ਼ਰੂਰੀ ਕੀਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰੀਤ ਕੌਰ, ਹਰਸ਼ਰਨ ਕੌਰ, ਨਿਰਮਲਾ ਦੇਵੀ, ਸੁਮਨ, ਮਧੂਮੀਤ, ਰਣਜੀਤ, ਸੁਖਵਿੰਦਰ ਕੌਰ ਆਦਿ ਹਾਜ਼ਰ ਸੀ।
ਪਠਾਨਕੋਟ, (ਸ਼ਾਰਦਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ। ਜ਼ਿਲਾ ਪ੍ਰਧਾਨ ਸੰਗੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਇਸ ਤੋਂ ਪਹਿਲਾਂ ਸਮੂਹ ਆਂਗਣਵਾੜੀ ਵਰਕਰ ਸ਼ਿਮਲਾ ਪਹਾੜੀ ਵਿਖੇ ਇਕੱਤਰ ਹੋਏ। ਉਸ ਦੇ ਬਾਅਦ ਵਰਕਰਾਂ ਨੇ ਨਗਰ 'ਚ ਰੋਸ ਮਾਰਚ ਕੱਢਦੇ ਹੋਏ ਆਪਣੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਤੇ ਅੰਤ 'ਚ ਪਟੇਲ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਬਲਾਕ ਪ੍ਰਧਾਨ ਨਰੋਟ ਮਹਿਰਾ ਸੁਮਨ, ਬਲਾਕ ਪ੍ਰਧਾਨ ਸੁਜਾਨਪੁਰ ਗੁਰਮੀਤ ਕੌਰ, ਬਲਾਕ ਪ੍ਰਧਾਨ ਬਮਿਆਲ ਸੁਨੀਤਾ, ਰੰਜੂ, ਚੰਪਾ, ਮੰਦੀਪ, ਸਰਿਤਾ, ਮੀਨੂ, ਪੂਜਾ, ਪਰਵੀਨ ਮਹਾਜਨ, ਦਰਸ਼ਨਾ, ਸ਼ੀਲਾ, ਮੋਨਿਕਾ, ਕਿਰਨ, ਜੋਤੀ ਹਾਜ਼ਰ ਸਨ।
ਫਤਿਹਗੜ੍ਹ ਚੂੜੀਆਂ, (ਬਿਕਰਮਜੀਤ, ਸਾਰੰਗਲ)-ਕਸਬੇ ਦੇ ਪੁਰਾਣੇ ਬੱਸ ਅੱਡੇ ਵਿਖੇ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਕੁਲਵੰਤ ਕੌਰ ਦੀ ਦੇਖ¸ਰੇਖ ਹੇਠ 3 ਸਾਲ ਦੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਦਾਖ਼ਲ ਕਰਨ ਦੇ ਵਿਰੋਧ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ ਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਕੌਰ, ਮੋਨਿਕਾ ਸ਼ਰਮਾ, ਬਲਜੀਤ ਕੌਰ, ਸ਼ੁਕੰਤਲਾ, ਜਸਵਿੰਦਰ ਕੌਰ, ਕੁਲਬੀਰ ਕੌਰ, ਬਲਵੀਰ ਕੌਰ, ਨਰਿੰਦਰਪਾਲ ਕੌਰ, ਪਰਮਜੀਤ ਕੌਰ ਮਾਨ ਸੈਂਡਵਾਲ, ਕੰਸ ਕੌਰ, ਮੋਨੂੰ ਸ਼ਰਮਾ, ਗੁਰਵਿੰਦਰ, ਕਸ਼ਮੀਰ ਕੌਰ, ਸਤਵੰਤ ਕੌਰ, ਕੁਲਜਿੰਦਰ ਕੌਰ, ਰਾਜਬੀਰ ਮਾਨ, ਅਰਵਿੰਦਰ ਖਹਿਰਾ, ਕਿਰਨ, ਸ਼ਰਨਜੀਤ, ਉਪਮਾ ਸ਼ਰਮਾ ਆਦਿ ਹਾਜ਼ਰ ਸਨ।
ਸ੍ਰੀ ਹਰਗੋਬਿੰਦਪੁਰ, (ਬੱਬੂ, ਬਾਬਾ,ਕਾਲੀਆ)- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਬਲਜੀਤ, ਸਰਬਜੀਤ ਕੌਰ ਮੀਕੇ, ਰਵਿੰਦਰ ਕੌਰ, ਜਸਵੰਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਲਖਵਿੰਦਰ ਕੌਰ, ਗੁਰਮੀਤ ਕੌਰ ਆਦਿ ਨੇ ਦੱਸਿਆ ਕਿ ਸਰਕਾਰ ਨੇ 3 ਸਾਲ ਦੇ ਬੱਚੇ ਸਾਥੋਂ ਖੋਹ ਕੇ ਪ੍ਰਾਇਮਰੀ ਸਕੂਲਾਂ 'ਚ ਦਾਖਲ ਕਰਨ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ, ਉਸ ਨਾਲ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ, (ਕੰਵਲਜੀਤ)- ਅੱਜ ਬਲਾਕ ਡੇਰਾ ਬਾਬਾ ਨਾਨਕ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਸਬੀਰ ਕੌਰ ਫੱਤੂਪੁਰ, ਸੰਦੀਪ ਕੌਰ ਫੱਤੂਪੁਰ, ਮਨਪ੍ਰੀਤ ਕੌਰ ਅਦਾਲਤਪੁਰ, ਸੁਖਜੀਤ ਕੌਰ ਢੇਸੀਆਂ, ਰਣਜੀਤ ਕੌਰ ਢੇਸੀਆਂ, ਕੰਵਲਜੀਤ ਕੌਰ ਖੋਦੇ ਬਾਂਗਰ, ਪਰਮਜੀਤ ਕੌਰ ਤੇ ਦਲਜੀਤ ਕੌਰ ਆਦਿ ਮੌਜੂਦ ਸਨ।
ਜੇਬ 'ਚੋਂ ਪਰਸ ਕੱਢਣ ਵਾਲੇ ਨੂੰ ਦਬੋਚਿਆ
NEXT STORY