ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਦੇ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦਾ ਖਮਿਆਜ਼ਾ ਰਾਮ ਐਵੀਨਿਊ ਮਜੀਠਾ ਰੋਡ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪਿਛਲੇ ਕਰੀਬ 3 ਹਫਤਿਆਂ ਤੋਂ ਫਰਿਆਦ ਕਰਨ ਦੇ ਬਾਵਜੂਦ ਇਲਾਕੇ ਵਿਚ ਪੀਣ ਯੋਗ ਪਾਣੀ ਦੀ ਸਪਲਾਈ ਨਹੀਂ ਆ ਰਹੀ ਹੈ। ਲੋਕ ਦੋ ਘੁੱਟ ਪਾਣੀ ਲਈ ਵੀ ਤਰਸ ਰਹੇ ਹਨ।
ਮੁਸ਼ਕਲਾਂ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨੇ ਖਾਲੀ ਬਰਤਨ ਫੜ ਕੇ ਨਿਗਮ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀ ਰਾਮ ਪ੍ਰਕਾਸ਼, ਡਾ. ਸੰਦੀਪ, ਧਰਮ ਸਿੰਘ, ਸੁਰਜੀਤ ਕੌਰ, ਮਮਤਾ, ਪੁਸ਼ਪਾ, ਪਾਰਬਤੀ ਦੇਵੀ, ਮੋਨਿਕਾ, ਪਿੰਕੀ ਰਾਣੀ, ਸ਼ਕੁੰਤਲਾ ਦੇਵੀ, ਨੀਲਮ ਦੇਵੀ, ਹਰਜਿੰਦਰ ਕੌਰ, ਊਸ਼ਾ, ਮੀਰਾ, ਜਗਦੀਪ ਕੌਰ ਨੇ ਕਿਹਾ ਕਿ ਪਿਛਲੇ ਕਰੀਬ 3 ਹਫਤਿਆਂ ਤੋਂ ਪਾਣੀ ਦੀ ਸਪਲਾਈ ਬੰਦ ਹੈ, ਜਿਸ ਕਰ ਕੇ ਘਰੇਲੂ ਕੰਮਕਾਜ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰੀ ਘਰ ਵਿਚ ਆਏ ਮਹਿਮਾਨ ਲਈ ਚਾਹ ਤੱਕ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਜ਼ਰੂਰਤਮੰਦ ਲੋਕ ਮੁੱਲ ਦਾ ਪਾਣੀ ਲਿਆ ਕੇ ਪਿਆਸ ਬੁਝਾਉਣ ਲਈ ਮਜਬੂਰ ਹੋ ਰਹੇ ਹਨ। ਘਰੇਲੂ ਕੰਮਕਾਜ ਲਈ ਦੂਸਰੇ ਇਲਾਕਿਆਂ 'ਚੋਂ ਪਾਣੀ ਦੇ ਬਰਤਨ ਲਿਆ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਸਾਲਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਲੋਕ ਪ੍ਰੇਸ਼ਾਨ ਹਨ ਪਰ ਨਿਗਮ ਦੇ ਸਬੰਧਤ ਵਿਭਾਗ ਵੱਲੋਂ ਖਾਨਾਪੂਰਤੀ ਕਰ ਕੇ ਕੰਮ ਕੀਤਾ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਮੁਸ਼ਕਲਾਂ ਫਿਰ ਸ਼ੁਰੂ ਹੋ ਜਾਂਦੀਆਂ ਹਨ। ਲੋਕਾਂ ਨੇ ਕਿਹਾ ਕਿ ਜਨਤਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਛੇਤੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇ।
ਛੇਤੀ ਹੋਵੇਗਾ ਮੁਸ਼ਕਲਾਂ ਦਾ ਹੱਲ : ਐਕਸੀਅਨ : ਐਕਸੀਅਨ ਤਿਲਕ ਰਾਜ ਜੱਸੜ ਨੇ ਕਿਹਾ ਕਿ ਰਾਮ ਐਵੀਨਿਊ ਵਿਚ ਪਾਣੀ ਦੀ ਸਪਲਾਈ ਨਾ ਹੋਣ ਸਬੰਧੀ ਜਾਣਕਾਰੀ ਨਹੀਂ ਸੀ, ਹੁਣ ਮਾਮਲਾ ਧਿਆਨ ਵਿਚ ਆ ਚੁੱਕਾ ਹੈ। ਛੇਤੀ ਹੀ ਟੀਮ ਭੇਜ ਕੇ ਵਾਟਰ ਸਪਲਾਈ ਪਾਈਪ ਵਿਚ ਆਈ ਮੁਸ਼ਕਲ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
ਪ੍ਰੋ. ਬਡੂੰਗਰ ਦੀ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਨਵੰਬਰ 1984 ਦੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਅਰਦਾਸ ਕੀਤੀ ਜਾਵੇ
NEXT STORY