ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮਾ ਆਮ ਕਰ ਕੇ ਆਪਣੇ ਅਜ਼ੀਬੋ-ਗਰੀਬ ਕਾਰਨਾਮਿਆਂ ਕਾਰਨ ਸੁਰਖੀਆਂ ਬਟੋਰਦਾ ਰਹਿੰਦਾ ਹੈ। ਅਜਿਹਾ ਹੀ ਇਕ ਕੇਸ ਹੋਰ ਸਾਹਮਣੇ ਆਇਆ ਹੈ। ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ ਪੰਜਾਬ ਅਚੀਵਮੈਂਟ ਸਰਵੇ (ਪੀ. ਏ. ਐੱਸ.)-2020 ਦਾ ਦੂਜਾ ਪੜਾਅ 11 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਮਹਿਕਮੇ ਵੱਲੋਂ ਜਾਰੀ ਕੀਤੀ ਡੇਟਸ਼ੀਟ ਸਬੰਧੀ ਸਿੱਖਿਆ ਮਹਿਕਮਾ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਦੇ ਨਿਸ਼ਾਨੇ 'ਤੇ ਹੈ। ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਮਾਪਿਆਂ ਅਤੇ ਅਧਿਆਪਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਅਧਿਆਪਕਾਂ ਨੇ ਦੱਸਿਆ ਕਿ 14 ਨਵੰਬਰ ਨੂੰ ਦੀਵਾਲੀ ਹੈ। 16 ਨਵੰਬਰ ਨੂੰ ਭਾਈ ਦੂਜ ਹੈ। ਦੀਵਾਲੀ ਨੂੰ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਪਰ ਮਹਿਕਮੇ ਵੱਲੋਂ ਫੈਸਟਿਵ ਸੀਜ਼ਨ ਦੌਰਾਨ ਜਾਣਬੁੱਝ ਕੇ ਅਧਿਆਪਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਟੈਸਟ ਨੂੰ 5 ਦਿਨ ਲੇਟ ਵੀ ਕੀਤਾ ਜਾ ਸਕਦਾ ਸੀ ਪਰ ਇਹ ਸਭ ਮਹਿਕਮੇ ਦੇ ਅਧਿਕਾਰੀਆਂ ਦੀ ਸੋਚੀ-ਸਮਝੀ ਰਣਨੀਤੀ ਹੈ। ਨਾਲ ਹੀ ਮਾਪਿਆਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ 'ਚ ਘੱਟ ਤਿਉਹਾਰਾਂ 'ਚ ਜ਼ਿਆਦਾ ਹੈ। ਅਜਿਹੇ ਵਿਚ ਉਹ ਕਿਵੇਂ ਇਹ ਟੈਸਟ ਦੇ ਸਕਣਗੇ, ਇਹ ਤਾਂ ਮਹਿਕਮੇ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਮਾਪਿਆਂ ਨੇ ਕਿਹਾ ਕਿ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਟੈਸਟ ਨੂੰ ਘੱਟ ਤੋਂ ਘੱਟ 5 ਦਿਨ ਲੇਟ ਕੀਤਾ ਜਾਵੇ ਤਾਂ ਕਿ ਤਿਉਹਾਰਾਂ ਦਾ ਸੀਜ਼ਨ ਨਿਕਲ ਜਾਵੇ ਅਤੇ ਵਿਦਿਆਰਥੀ ਚੰਗੀ ਤਰ੍ਹਾਂ ਟੈਸਟ ਦੇ ਸਕਣ।
ਇਹ ਵੀ ਪੜ੍ਹੋ : ਸਕਾਲਰਸ਼ਿਪ ਘੋਟਾਲੇ ਦੀ ਪੋਲ ਖੁੱਲ੍ਹਣ ਦੇ ਡਰੋਂ ਕੈਪਟਨ ਨੇ ਸੀ. ਬੀ. ਆਈ. ਨੂੰ ਜਾਂਚ ਤੋਂ ਰੋਕਿਆ : ਤਰੁਣ ਚੁਘ
ਦੀਵਾਲੀ ਵਾਲੇ ਦਿਨ ਵੀ ਵਿਦਿਆਰਥੀ ਦੇਣਗੇ ਟੈਸਟ
ਮਹਿਕਮੇ ਵੱਲੋਂ ਹਰ ਵਿਸ਼ੇ ਦੇ ਟੈਸਟ ਲਈ ਇਕ ਆਨਲਾਈਨ ਲਿੰਕ ਭੇਜਿਆ ਜਾਂਦਾ ਹੈ, ਜੋ ਕਿ 48 ਘੰਟੇ ਤੱਕ ਐਕਟਿਵ ਰਹਿੰਦਾ ਹੈ। ਇਸ 48 ਘੰਟੇ ਦੌਰਾਨ ਵਿਦਿਆਰਥੀ ਕਦੇ ਵੀ ਸਬੰਧਤ ਵਿਸ਼ੇ ਦਾ ਟੈਸਟ ਦੇ ਸਕਦੇ ਹਨ। ਮਹਿਕਮੇ ਵੱਲੋਂ 13 ਨਵੰਬਰ ਨੂੰ 6ਵੀਂ ਦਾ ਸਮਾਜਿਕ ਸਿੱਖਿਆ, 7ਵੀਂ ਦਾ ਸਰੀਰਕ ਸਿੱਖਿਆ, 8ਵੀਂ ਦਾ ਵਿਗਿਆਨ, 9ਵੀਂ ਦਾ ਪੰਜਾਬੀ ਅਤੇ 10ਵੀਂ ਦਾ ਕੰਪਿਊਟਰ ਸਾਇੰਸ, 11ਵੀਂ ਦਾ ਅੰਗਰੇਜ਼ੀ (ਜਨਰਲ) ਅਤੇ 12ਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਰੱਖਿਆ ਗਿਆ ਹੈ, ਜਿਸ ਦਾ ਲਿੰਕ 14 ਨਵੰਬਰ ਨੂੰ ਵੀ ਐਕਟਿਵ ਰਹੇਗਾ। ਅਜਿਹੇ 'ਚ ਦੀਵਾਲੀ ਵਾਲੇ ਦਿਨ ਵੀ ਵਿਦਿਆਰਥੀ ਪੇਪਰ ਵਿਚ ਰੁਝੇ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਸਹਿਰੇ ਵਾਲੇ ਦਿਨ ਵੀ ਮਹਿਕਮੇ ਵੱਲੋਂ ਪੀ. ਏ. ਐੱਸ. ਦੇ ਲਈ ਇਕ ਅਜਿਹਾ ਹੀ ਟੈਸਟ ਲਿਆ ਗਿਆ ਸੀ ਅਤੇ ਹੈਰਾਨੀ ਦੀ ਗੱਲ ਇਹ ਕਿ ਉਸ ਦਿਨ ਐਤਵਾਰ ਵੀ ਸੀ ਅਤੇ ਗਜ਼ਟਿਡ ਛੁੱਟੀ ਵੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿਦਿਆਰਥੀ ਇਸ ਟੈਸਟ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਟਿਕਟਾਕ ਸਟਾਰ 'ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਸਮੇਤ ਤਿੰਨ ਕਾਬੂ
ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ, ਦੀਵਾਲੀ ਸਬੰਧੀ ਬਾਜ਼ਾਰ 'ਚ ਭੀੜ-ਭੜੱਕਾ, ਦੁਕਾਨਾਂ ਸਜੀਆਂ
NEXT STORY