ਬਠਿੰਡਾ(ਬਲਵਿੰਦਰ)-ਸੀ. ਆਈ. ਏ. ਸਟਾਫ-2 ਦੀ ਟੀਮ ਨੇ ਇਕ ਹੋਰ ਮਾਅਰਕਾ ਮਾਰਦਿਆਂ ਅੱਖਾਂ 'ਚ ਮਿਰਚਾ ਕੇ ਪਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ। ਮੁਲਜ਼ਮ 8 ਵਾਰਦਾਤਾਂ ਮੰਨ ਚੁੱਕੇ ਹਨ, ਜਦਕਿ ਅਜੇ ਪੁੱਛਗਿੱਛ ਜਾਰੀ ਹੈ। ਇਹ ਗਿਰੋਹ ਵੱਖ-ਵੱਖ ਫਾਈਨਾਂਸ ਕੰਪਨੀਆਂ ਜਾਂ ਹੋਰ ਕਿਸ਼ਤਾਂ ਇਕੱਤਰ ਕਰਨ ਵਾਲੀਆਂ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ, ਜਦੋਂ ਉਹ ਪਿੰਡਾਂ 'ਚੋਂ ਪੈਸਾ ਇਕੱਤਰ ਕਰ ਕੇ ਲਿਆਉਂਦੇ ਸਨ। ਐੱਸ. ਪੀ. ਸਵਰਨ ਸਿੰਘ ਖੰਨਾ, ਡੀ. ਐੱਸ. ਪੀ. ਕਰਨਸ਼ੇਰ ਸਿੰਘ ਤੇ ਸੀ. ਆਈ. ਏ.-2 ਦੇ ਇੰਚਾਰਜ ਤਰਜਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ 'ਚ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਜ਼ਿਲੇ 'ਚ ਵਾਰਦਾਤਾਂ ਹੋ ਰਹੀਆਂ ਸਨ। ਇਕ ਗਿਰੋਹ ਲੋਕਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ 'ਤੇ ਲੁੱਟ ਕਰ ਲੈਂਦਾ ਸੀ। ਪੁਲਸ ਦੀ ਟੀਮ ਇਸ ਗਿਰੋਹ ਦੀ ਪੈੜ ਦੱਬ ਰਹੀ ਸੀ। ਕੁਝ ਦਿਨ ਪਹਿਲਾਂ ਸੂਹ ਮਿਲੀ ਕਿ ਨਿਰਮਲ ਸਿੰਘ ਜੱਗੀ, ਗੁਰਵਿੰਦਰ ਸਿੰਘ, ਕਾਲਾ ਸਿੰਘ ਕਾਲੂ, ਗੁਰਦਿੱਤਾ ਸਿੰਘ ਤੇ ਕੁਲਦੀਪ ਸਿੰਘ ਗੱਗੂ ਵਾਸੀ ਪਿੰਡ ਸਿਧਾਣਾ ਨੇ ਇਕ ਗਿਰੋਹ ਬਣਾ ਰੱਖਿਆ ਹੈ ਤੇ ਇਹ ਉਹੀ ਲੋਕ ਹਨ, ਜਿਨ੍ਹਾਂ ਦੀ ਪੁਲਸ ਨੂੰ ਭਾਲ ਹੈ। ਅੱਜ ਇਸ ਗਿਰੋਹ ਦੇ ਮੈਂਬਰ ਫੂਲ-ਬੁਰਜ ਮਾਨਸ਼ਾਹੀਆ ਰੋਡ 'ਤੇ ਬੀਹੜ 'ਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਹਨ, ਜਿਨ੍ਹਾਂ ਕੋਲ ਹਥਿਆਰ ਵੀ ਹਨ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਪੁਲਸ ਪਾਰਟੀ ਨੇ ਉਕਤ ਜਗ੍ਹਾ ਨੂੰ ਘੇਰਾ ਪਾ ਕੇ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਕੋਲ ਇਕ ਕਾਰ ਵੀ ਸੀ।
ਕੀ ਕੁਝ ਬਰਾਮਦ ਕੀਤਾ ਗਿਆ
ਮੁਲਜ਼ਮਾਂ ਕੋਲੋਂ ਲੋਹੇ ਦਾ ਦਾਹ, ਸਟੀਲ ਦਾ ਦਾਹ, ਲੋਹੇ ਦਾ ਕਾਪਾ, ਡੰਡਾ ਤੇ ਇਕ ਕਾਰ ਇੰਡੀਕਾ ਨੰ. ਡੀ. ਐੱਲ. 8 ਸੀ. ਐੱਮ. 3133 ਸਿਲਵਰ ਰੰਗ ਦੀ ਬਰਾਮਦ ਹੋਈ ਹੈ।
ਅੱਖਾਂ 'ਚ ਮਿਰਚਾਂ ਪਾ ਕੇ ਲੁੱਟਣ ਦੀਆਂ 8 ਵਾਰਦਾਤਾਂ
* ਫੂਲ ਤੇ ਨਹਿਰ ਘਰਾਟਾਂ ਵਿਚਕਾਰ, ਸੰਗਤ ਮੰਡੀ ਨੇੜੇ ਗੁਰੂ ਕਿਆਂ ਵਾਲੇ ਫਾਟਕ 'ਤੇ, ਪਿੰਡ ਸਿਧਾਣਾ ਕੱਸੀ 'ਤੇ, ਗੁੰਮਟੀ ਰੋਡ ਭਾਈ ਰੂਪਾ ਨੇੜੇ ਤੇ ਪਿੰਡ ਮਹਿਰਾਜ ਤੋਂ ਪੈਸਿਆਂ ਦੀ ਲੁੱਟ ਕੀਤੀ ਗਈ। ਇਨ੍ਹਾਂ ਸਾਰੀਆਂ ਘਟਨਾਵਾਂ 'ਚ ਸ਼ਿਕਾਰ ਹੋਣ ਵਾਲੇ ਵਿਅਕਤੀ ਵੱਖ-ਵੱਖ ਕੰਪਨੀਆਂ ਲਈ ਕਿਸ਼ਤਾਂ ਇਕੱਤਰ ਕਰਨ ਦਾ ਕੰਮ ਕਰਦੇ ਸੀ, ਜੋ ਉਕਤ ਗਿਰੋਹ ਦਾ ਸ਼ਿਕਾਰ ਹੋਏ।
* ਧਨੌਲਾ ਨੇੜੇ ਦੋ ਵਿਅਕਤੀਆਂ ਕੋਲੋਂ ਲੈਪਟਾਪ ਵਾਲੀ ਕਿੱਟ ਖੋਹੀ ਗਈ।
* ਪਿੰਡ ਭਾਈਰੂਪਾ ਤੋਂ ਇਕ ਨੌਜਵਾਨ ਕੋਲੋਂ 1 ਆਈਫੋਨ ਖੋਹਿਆ।
* ਰਾਮਪੁਰਾ ਫੂਲ ਦੇ ਇਕ ਠੇਕੇ ਦੇ ਕਰਿੰਦੇ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਪਿਸਤੌਲ ਦੀ ਨੋਕ 'ਤੇ ਮੋਬਾਇਲ ਤੇ ਭਾਰੀ ਰਕਮ ਲੁੱਟੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੋਰ ਵਾਰਦਾਤਾਂ 'ਚ ਸ਼ਾਮਲ ਹੋਣ ਤੋਂ ਇਲਾਵਾ ਹੋਰ ਹਥਿਆਰਾਂ ਦੀ ਬਰਾਮਦਗੀ ਤੇ ਬਰਾਮਦ ਹੋਈ ਕਾਰ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਵੀ ਲਿਆ ਜਾਵੇਗਾ ਕਿਉਂਕਿ ਇਨ੍ਹਾਂ ਦੇ ਹੋਰ ਵੀ ਕਈ ਵਾਰਦਾਤਾਂ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਧਰਨਾ ਲਾ ਕੇ ਕੀਤੀ ਖਾਲਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ
NEXT STORY