ਫ਼ਤਿਹਗੜ੍ਹ ਸਾਹਿਬ(ਜੱਜੀ, ਜਗਦੇਵ) : ਰੇਲਵੇ ਪੁਲਸ ਸਰਹਿੰਦ ਨੇ ਬੀਤੇ ਦਿਨੀਂ ਇਕ ਔਰਤ ਤੋਂ ਉਸ ਦਾ ਪਰਸ ਖੋਹਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਖੋਹਿਆ ਗਿਆ ਪਰਸ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਰੇਲਵੇ ਪੁਲਸ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਮਾ ਸ਼ਰਮਾ ਪਤਨੀ ਅਮਿਤ ਸ਼ਰਮਾ ਵਾਸੀ ਰਾਜਪੁਰਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਰੋਪੜ ਵਿਖੇ ਰਿਆਤ ਕਾਲਜ ਵਿਚ ਨੌਕਰੀ ਕਰਦੀ ਹੈ ਅਤੇ ਰੋਜ਼ਾਨਾ ਰਾਜਪੁਰਾ ਤੋਂ ਰੋਪੜ ਟਰੇਨ ਵਿਚ ਜਾਂਦੀ ਹੈ। ਬੀਤੇ ਦਿਨੀਂ 23 ਫਰਵਰੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਟਰੇਨ ਵਿਚ ਸਫਰ ਕਰ ਰਹੀ ਸੀ ਕਿ ਨੌਗਾਵਾਂ ਰੇਲਵੇ ਸਟੇਸ਼ਨ 'ਤੇ ਟਰੇਨ ਦੇ ਰੁਕਣ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਪਰਸ ਖੋਹ ਲਿਆ ਅਤੇ ਉਹ ਚਲਦੀ ਟਰੇਨ ਵਿਚੋਂ ਉਤਰ ਗਏ। ਪਰਸ ਵਿਚ 800 ਰੁਪਏ, ਜ਼ਰੂਰੀ ਕਾਗਜ਼ਾਤ ਅਤੇ ਮੋਬਾਇਲ ਫੋਨ ਵੀ ਸੀ। ਜਿਸ 'ਤੇ ਸਰਹਿੰਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਸ ਰੋਪੜ ਨੇ ਬੀਤੀ 19 ਮਾਰਚ ਨੂੰ ਇਕ ਚੋਰ ਗਿਰੋਹ ਫੜਿਆ ਸੀ, ਜਿਨ੍ਹਾਂ ਨੂੰ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ, ਜੇਲ ਵਿਚੋਂ ਲਿਆਂਦੇ ਗਏ ਸੰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਦਸੌਂਧਾ ਸਿੰਘ ਵਾਲਾ ਜ਼ਿਲਾ ਸੰਗਰੂਰ, ਕਾਲਾ ਸਿੰਘ ਪੁੱਤਰ ਭੀਮ ਸਿੰਘ ਵਾਸੀ ਸੇਹਾੜ ਜ਼ਿਲਾ ਸੰਗਰੂਰ, ਅਨਿਲ ਕੁਮਾਰ ਪੁੱਤਰ ਲੋਕਨਾਥ ਸ਼ਰਮਾ ਵਾਸੀ ਬਿਲਦੌਰ ਬਿਹਾਰ, ਕ੍ਰਿਪਾਲ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਫਾਲਸੰਡਾ ਕੁਰੂਕਸ਼ੇਤਰ ਹਰਿਆਣਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਨੌਗਾਵਾਂ ਟਰੇਨ ਵਿਚ ਇਕ ਔਰਤ ਦਾ ਪਰਸ ਖੋਹਿਆ ਸੀ। ਉਕਤ ਵਿਅਕਤੀਆਂ ਦੀ ਨਿਸ਼ਾਨਦੇਹੀ 'ਤੇ ਉਹ ਪਰਸ ਅਤੇ ਉਸ ਵਿਚੋਂ ਜੋ ਹੋਰ ਕਾਗਜ਼ਾਤ ਸਨ ਵੀ ਨੌਗਾਵਾਂ ਨੇੜੇ ਰੇਲਵੇ ਦੀ ਇਕ ਪੁਲੀ ਦੇ ਥੱਲਿਓਂ ਬਰਾਮਦ ਕਰ ਲਏ ਹਨ। ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਇਨ੍ਹਾਂ ਕੋਲੋਂ ਰੋਪੜ ਰੇਲਵੇ ਪੁਲਸ ਨੇ ਵੀ 2 ਲੱਖ ਰੁਪਏ ਦੇ ਮੋਬਾਇਲ ਬਰਾਮਦ ਕੀਤੇ ਹਨ। ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਹੌਲਦਾਰਾਂ ’ਤੇ ਜਾਨਲੇਵਾ ਹਮਲਾ, 7 ਵਿਰੁੱਧ ਮਾਮਲਾ ਦਰਜ
NEXT STORY