ਬੱਸੀ ਪਠਾਣਾਂ, (ਰਾਜਕਮਲ)- ਐਤਵਾਰ ਤਡ਼ਕੇ ਕਰੀਬ ਪੰਜ ਵਜੇ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਬੱਸੀ ਪਠਾਣਾਂ ਵਿਖੇ ਅਚਾਨਕ ਐਮਰਜੈਂਸੀ ਸਾਇਰਨ ਵੱਜਣ ਲੱਗ ਪਿਆ, ਜਿਸ ਕਾਰਣ ਪੁਲਸ ਵਲੋਂ ਤੁਰੰਤ ਮੁਸਤੈਦੀ ਦਿਖਾਈ ਗਈ ਤੇ ਬੈਂਕ ਸ਼ਾਖਾ ’ਤੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ। ਇਸ ਘਟਨਾਕ੍ਰਮ ਦੌਰਾਨ ਸਬੰਧਤ ਬੈਂਕ ਅਧਿਕਾਰੀਆਂ ਵਲੋਂ ਸੁਸਤੀ ਤੇ ਢਿੱਲੀ ਕਾਰਗੁਜ਼ਾਰੀ ਦਿਖਾਈ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਬੈਂਕ ’ਚ ਲੱਗਿਆ ਅਲਾਰਮ ਅਚਾਨਕ ਵੱਜਣ ਲੱਗ ਪਿਆ। ਬੈਂਕ ਕੋਲੋਂ ਲੰਘ ਰਹੇ ਕਿਸੇ ਰਾਹਗੀਰ ਨੇ ਇਸ ਦੀ ਸੂਚਨਾ ਪੁਲਸ ਹੈਲਪਲਾਈਨ ਨੂੰ ਦਿੱਤੀ, ਜਿਨ੍ਹਾਂ ਵਲੋਂ ਪੁਲਸ ਚੌਕੀ ’ਚ ਇਸ ਦੀ ਜਾਣਕਾਰੀ ਦਿੱਤੀ ਗਈ।
ਇਸ ਬਾਰੇ ਪਤਾ ਲੱਗਣ ’ਤੇ ਉਹ ਤੇ ਥਾਣਾ ਬੱਸੀ ਪਠਾਣਾਂ ਦੇ ਇੰਚਾਰਜ ਮਨਪ੍ਰੀਤ ਸਿੰਘ ਦਿਓਲ, ਏ. ਐੱਸ. ਆਈ. ਅਮਰੀਕ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਬੈਂਕ ਦੀ ਸ਼ਾਖਾ ’ਤੇ ਪਹੁੰਚੇ ਪਰ ਬੈਂਕ ਬਾਹਰ ਤਾਲਾ ਲੱਗਿਆ ਹੋਣ ਕਰ ਕੇ ਅਲਾਰਮ ਵੱਜਣ ਦੇ ਕਾਰਣਾਂ ਦਾ ਪਤਾ ਨਹੀਂ ਲੱਗਿਆ, ਜਿਸ ਤੋਂ ਬਾਅਦ ਬੈਂਕ ਦੇ ਬਾਹਰ ਲਿਖੇ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਗਿਆ ਪਰ ਕਿਸੇ ਵਲੋਂ ਫੋਨ ਨਹੀਂ ਚੁੱਕਿਆ ਗਿਆ। ਕਿਸੇ ਤਰ੍ਹਾਂ ਬੈਂਕ ਦੇ ਸਟੋਰਕੀਪਰ ਦੇ ਨੰਬਰ ’ਤੇ ਫੋਨ ਕੀਤਾ ਗਿਆ, ਜਿਸ ਦੇ ਆਉਣ ਤੋਂ ਬਾਅਦ ਬੈਂਕ ਦਾ ਤਾਲਾ ਖੁੱਲ੍ਹਿਆ ਤੇ ਅੰਦਰ ਸਵਿੱਚ ਬੰਦ ਕਰਨ ’ਤੇ ਅਲਾਰਮ ਵੀ ਬੰਦ ਹੋ ਗਿਆ। ਇਸ ਦੌਰਾਨ ਬੈਂਕ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ਾਰਟ ਸਰਕਟ ਜਾਂ ਹੋਰ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਸੀ। ਪਰ ਸਾਇਰਨ ਵੱਜਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ।
ਬੈਂਕ ਮੈਨੇਜਰ ਵਲੋਂ ਨਹੀਂ ਚੁੱਕਿਆ ਗਿਆ ਫੋਨ
ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ਦੇ ਮੈਨੇਜਰ ਨੂੰ ਕਈ ਵਾਰ ਫੋਨ ਕੀਤੇ ਗਏ ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਬੈਂਕ ਦੇ ਬਾਹਰ ਆਪਣੇ ਐਮਰਜੈਂਸੀ ਫੋਨ ਨੰਬਰ ਲਿਖ ਕੇ ਲਾਉਣ ਤਾਂ ਜੋ ਕੋਈ ਵੀ ਸ਼ਾਰਟ ਸਰਕਟ ਜਾਂ ਹੋਰ ਅਣਸੁਖਾਵੀਂ ਘਟਨਾ ਵਾਪਰਨ ’ਤੇ ਆਮ ਲੋਕ ਜਾਂ ਪੁਲਸ ਵਿਭਾਗ ਉਨ੍ਹਾਂ ਨਾਲ ਸੰਪਰਕ ਕਰ ਸਕੇ, ਕਿਉਂਕਿ ਬੈਂਕ ਦੀ ਚਾਬੀ ਬੈਂਕ ਮੁਲਾਜ਼ਮਾਂ ਕੋਲ ਹੀ ਹੁੰਦੀ ਹੈ ਤੇ ਜੇਕਰ ਅੰਦਰ ਕੋਈ ਸ਼ਾਰਟ ਸਰਕਟ ਜਾਂ ਕੋਈ ਹੋਰ ਘਟਨਾ ਵਾਪਰ ਜਾਂਦੀ ਹੈ ਤਾਂ ਮੁਲਾਜ਼ਮਾਂ ਦੇ ਆਉਣ ਤੋਂ ਬਾਅਦ ਹੀ ਅਜਿਹੀਆਂ ਘਟਨਾਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਬੈਂਕ ਅਧਿਕਾਰੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਜਦੋਂ ਇਸ ਸਬੰਧੀ ਬੈਂਕ ਮੈਨੇਜਰ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
'ਸੁਖਜਿੰਦਰ ਰੰਧਾਵਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਜਾਵੇ ਤਲਬ'
NEXT STORY