ਬਟਾਲਾ (ਬੇਰੀ) : ਕਾਂਗਰਸ, ਅਕਾਲੀ ਦਲ (ਬ) ਤੇ ਭਾਜਪਾ ਦੇ ਰਾਜ 'ਚ ਪੰਜਾਬ ਵਾਸੀ ਬਿਲਕੁਲ ਵੀ ਸੁਰੱਖਿਅਤ ਨਹੀਂ ਕਿਉਂਕਿ ਇਸ ਵੇਲੇ ਜੋ ਸਿਆਸਤ ਹੋ ਰਹੀ ਹੈ ਉਹ ਗੰਦਲੀ ਤੇ ਸਵਾਰਥੀ ਹੋ ਚੁੱਕੀ ਹੈ ਅਤੇ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ, ਜਿਸ ਕਰਕੇ ਉਕਤ ਸਿਆਸੀ ਪਾਰਟੀਆਂ ਸੂਬੇ ਦੇ ਲੋਕਾਂ ਦੇ ਹਿੱਤਾਂ ਦਾ ਭਲਾ ਨਹੀਂ ਕਰ ਸਕਦੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਕਾਹਨੂੰਵਾਨ ਰੋਡ ਸਥਿਤ ਗ੍ਰੇਟਰ ਕੈਲਾਸ਼ ਕਾਲੋਨੀ ਵਿਖੇ ਬਿਸ਼ਪ ਡਾ. ਸੈਲਿੰਦਰ ਸ਼ੈਲੀ ਦੇ ਗ੍ਰਹਿ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਤਵਾਜ਼ੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਧਿਆਨ ਸਿੰਘ ਮੰਡ ਨੇ ਆਪਣੇ ਸਾਥੀਆਂ ਦੀ ਹਾਜ਼ਰੀ 'ਚ ਕੀਤਾ। ਮੰਡ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ 'ਚ ਧਾਰਮਕ ਗ੍ਰੰਥ ਵੀ ਸੁਰੱਖਿਅਤ ਨਹੀਂ ਰਹੇ ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਜਿਸ ਕਰਕੇ ਉਨ੍ਹਾਂ ਨੂੰ ਬਰਗਾੜੀ ਵਿਖੇ ਮੋਰਚਾ ਲਗਾਉਣਾ ਪਿਆ ਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਮੰਗਾਂ ਮਨਵਾਉਣ 'ਚ ਸਫਲਤਾ ਹਾਸਲ ਕੀਤੀ ਹੈ।
ਧਿਆਨ ਸਿੰਘ ਮੰਡ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਆਨੰਦਪੁਰ ਸਾਹਿਬ ਤੋਂ ਬਿਕਰਮਜੀਤ ਸਿੰਘ ਸੋਢੀ, ਫਰੀਦਕੋਟ ਤੋਂ ਸਵਰਨ ਸਿੰਘ ਆਈ.ਏ. ਐੱਸ., ਖਡੂਰ ਸਾਹਿਬ ਤੋਂ ਭਾਈ ਮੋਹਕਮ ਸਿੰਘ, ਬਠਿੰਡਾ ਤੋਂ ਭਾਈ ਗੁਰਦੀਪ ਸਿੰਘ ਤੇ ਅੱਜ ਗੁਰਦਾਸਪੁਰ ਤੋਂ ਛੇਵਾਂ ਉਮੀਦਵਾਰ ਬਿਸ਼ਪ ਡਾ. ਸ਼ੈਲਿੰਦਰ ਸ਼ੈਲੀ ਨੂੰ ਐਲਾਨਿਆ ਗਿਆ ਹੈ। ਧਿਆਨ ਸਿੰਘ ਮੰਡ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਸਾਰੀਆਂ ਪੰਜਾਬ ਹਿਤੈਸ਼ੀ ਪਾਰਟੀਆਂ ਨਾਲ ਵੀ ਪਹਿਲੇ ਦੌਰ ਦੀ ਗੱਲਬਾਤ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਡਾ. ਸੈਲਿੰਦਰ ਸ਼ੈਲੀ ਨੇ ਕਿਹਾ ਕਿ ਅੱਜ ਜੋ ਵਿਸ਼ਵਾਸ ਬਰਗਾੜੀ ਮੋਰਚੇ ਵਲੋਂ ਉਨ੍ਹਾਂ 'ਤੇ ਕੀਤਾ ਗਿਆ ਹੈ, ਉਸ ਲਈ ਉਹ ਮੋਰਚੇ ਦੇ ਤਹਿ ਦਿਲੋਂ ਧੰਨਵਾਦੀ ਹਨ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਜਿੱਤ ਕੇ ਇਨ੍ਹਾਂ ਦੀ ਝੋਲੀ ਪਾਉਣਗੇ। ਇਸ ਮੌਕੇ ਗੁਰਬਚਨ ਸਿੰਘ ਪਵਾਰ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਰਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਪਠਾਨਕੋਟ, ਕੁਲਵੰਤ ਸਿੰਘ ਮਝੈਲ ਪ੍ਰਧਾਨ ਬਟਾਲਾ, ਰਮਨਦੀਪ ਸਿੰਘ ਯੂਥ, ਗਿਆਨ ਸਿੰਘ ਮੰਡ, ਸੁਖਚੈਨ ਸਿੰਘ, ਅਜੈਬ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਤੇ ਤ੍ਰਿਲੋਕ ਸਿੰਘ ਆਦਿ ਮੌਜੂਦ ਸਨ।
ਫਿਰੋਜ਼ਪੁਰ ਸਰਹੱਦ ਤੋਂ ਸ਼ੱਕੀ ਭਾਰਤੀ ਨੌਜਵਾਨ ਗ੍ਰਿਫਤਾਰ
NEXT STORY