ਬਟਾਲਾ (ਮਠਾਰੂ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਬਟਾਲਾ ਸ਼ਹਿਰ ਨੂੰ ਇਤਿਹਾਸਕ ਸ਼ਹਿਰ ਦਾ ਦਰਜਾ ਦਿਵਾਉਣ ਅਤੇ ਪੂਰੇ ਏਸ਼ੀਆ ’ਚ ਨੰਬਰ ਇੱਕ ’ਤੇ ਰਹੀ ਬਟਾਲਾ ਦੀ ਇੰਡਸਟਰੀ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਜਿਥੇ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ, ਉੱਥੇ ਵਿਧਾਇਕ ਕਲਸੀ ਵੱਲੋਂ ਲਿਖਤੀ ਰੂਪ ਵਿਚ ਇਨ੍ਹਾਂ ਯੋਜਨਾਂਵਾਂ ਦੀ ਰੂਪ ਰੇਖਾ ਤਿਆਰ ਕਰਦਿਆਂ ਫਾਇਲਾਂ ਹਰਪਾਲ ਚੀਮਾ ਨੂੰ ਸੌਂਪ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ
ਵਿਧਾਇਕ ਸ਼ੈਰੀ ਕਲਸੀ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਜਾਣੂ ਕਰਵਾਇਆ ਕਿ ਬਟਾਲਾ ਦੀ ਇਤਿਹਾਸਕ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਕਾਰਨ ਚਰਨ ਛੋਹ ਪ੍ਰਾਪਤ ਹੋਣ ਦਾ ਇਤਿਹਾਸਕ ਮਾਣ ਹਾਸਲ ਹੈ। ਨਾਲ ਹੀ ਮਹਾਰਾਜਾ ਰਣਜੀਤ ਸਿੰਘ, ਵੀਰ ਹਕੀਕਤ ਰਾਏ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ ਯਾਦਾਂ ਵੀ ਬਟਾਲਾ ਦੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਦੇ ਮਹਾਨ ਪਵਿੱਤਰ ਤੀਰਥ ਅਸਥਾਨ ਦਾ ਦਰਜਾ ਰੱਖਦਾ ਸ੍ਰੀ ਅੱਚਲੇਸ਼ਵਰ ਧਾਮ ਦਾ ਮੰਦਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਦੁਆਰਾ ਸ੍ਰੀ ਅਚੱਲ ਸਾਹਿਬ ਵੀ ਇਥੇ ਹੈ। ਇਤਿਹਾਸਕ ਤੇ ਗੁਰੂ ਨਗਰੀ ਹੋਣ ਦੇ ਨਾਤੇ ਬਟਾਲਾ ਨੂੰ ਜਿੱਥੇ ਵਿਕਾਸ ਦੇ ਪੱਖੋਂ ਵਿਸ਼ੇਸ਼ ਵਿੱਤੀ ਪੈਕਜ਼ ਜਾਰੀ ਕੀਤਾ ਜਾਵੇ, ਉਥੇ ਵਿਸ਼ਵ ਵਿਰਾਸਤੀ ਅਤੇ ਇਤਿਹਾਸਕ ਸ਼ਹਿਰ ਦਾ ਦਰਜਾ ਦੇ ਕੇ ਬਟਾਲਾ ਨੂੰ ਪੂਰਨ ਰੂਪ ’ਚ ਰੈਵੀਨਿਓੂ ਜ਼ਿਲ੍ਹਾ ਬਣਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ
ਵਿਧਾਇਕ ਕਲਸੀ ਨੇ ਬਟਾਲਾ ਦੀ ਇੰਡਸਟਰੀ ਦੀ ਤਰਸਯੋਗ ਬਣੀ ਹਾਲਤ ਨੂੰ ਹਰਪਾਲ ਚੀਮਾ ਦੇ ਧਿਆਨ ਹਿੱਤ ਲਿਆਉਂਦੀਆਂ ਮੰਗ ਕੀਤੀ ਕਿ ਬਟਾਲਾ ਦੀ ਸਮਾਲ ਸਕੇਲ ਇੰਡਸਟਰੀ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਨਾਲ ਮਿਲ ਕੇ ਸਰਹੱਦੀ ਖੇਤਰ ਦੇ ਅੰਦਰ ਇੰਡਸਟਰੀ ਦਾ ਵੱਡਾ ਯੂਨਿਟ ਲਗਾਇਆ ਜਾਵੇ। ਇਸ ਨਾਲ ਬਟਾਲਾ ਦੇ ਛੋਟੇ ਕਾਰਖਾਨੇ, ਵਰਕਸ਼ਾਪਾਂ ਅਤੇ ਫੈਕਟਰੀਆਂ ਮੁੜ ਤੋਂ ਸੁਰਜੀਤ ਕਰਕੇ ਚਲਾਈਆਂ ਜਾ ਸਕਣ। ਹਰਪਾਲ ਚੀਮਾ ਨੇ ਕਿਹਾ ਕਿ ਉਹ ਇਨ੍ਹਾਂ ਸਾਰੀਆਂ ਯੋਜਨਾਵਾਂ ਅਤੇ ਮੰਗਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖਣਗੇ ਅਤੇ ਸਰਕਾਰ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਬਟਾਲਾ ਦੀਆਂ ਹੱਕੀ ਮੰਗਾਂ ਨੂੰ ਜਲਦ ਪੂਰਾ ਕੀਤਾ ਜਾ ਸਕੇ।
ਭਿਆਨਕ ਸੜਕ ਹਾਦਸੇ ਦੌਰਾਨ ਛੁੱਟੀ 'ਤੇ ਆਏ ਫ਼ੌਜੀ ਨੌਜਵਾਨ ਦੀ ਮੌਤ
NEXT STORY