ਬਠਿੰਡਾ (ਵਰਮਾ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੋਜੀ (ਆਈ. ਆਈ. ਐੱਫ. ਪੀ. ਟੀ.) ਵੱਲੋਂ ਅੱਠ ਨਾਮੀ ਸੰਸਥਾਨਾਂ ਨਾਲ ਖੋਜ, ਸਕਿੱਲ ਡਿਵੈੱਲਪਮੈਂਟ ਅਤੇ ਉੱਦਮ ਵਿਕਾਸ ਦੇ ਖੇਤਰ 'ਚ ਕੀਤੇ ਆਪਸੀ ਸਮਝੌਤੇ ਇਸ ਇਲਾਕੇ ਅੰਦਰ ਫੂਡ ਪ੍ਰੋਸੈਸਿੰਗ ਨੂੰ ਵੱਡਾ ਹੁਲਾਰਾ ਦੇਣਗੇ। ਇੱਥੇ ਆਈ. ਆਈ. ਐੱਫ. ਪੀ. ਟੀ. ਦੇ ਦਫਤਰ ਵਿਖੇ ਇਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਅੱਠ ਸੰਸਥਾਨਾਂ ਨਾਲ ਸਹੀਬੰਦ ਕੀਤੇ ਗਏ ਐੱਮ. ਓ. ਯੂਜ਼ ਪੰਜਾਬ 'ਚ ਉਦਯੋਗੀਕਰਨ ਅਤੇ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ, ਅਨਾਜ ਅਤੇ ਦਾਲਾਂ ਦੀ ਕਟਾਈ ਮਗਰੋਂ ਸੰਭਾਲ ਅਤੇ ਡੇਅਰੀ ਅਤੇ ਦੁੱਧ ਦੀ ਪ੍ਰੋਸੈਸਿੰਗ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਮੌਕੇ ਕੇਂਦਰੀ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਸੰਯੁਕਤ ਸਕੱਤਰ ਅਸ਼ੋਕ ਕੁਮਾਰ ਦੀ ਹਾਜ਼ਰੀ 'ਚ ਆਈ. ਆਈ. ਐੱਫ. ਪੀ. ਟੀ. ਦੇ ਡਾਇਰੈਕਟਰ ਡਾਕਟਰ ਸੀ. ਆਨੰਧਰਮਾਕ੍ਰਿਸ਼ਨਨ ਨੇ ਸੰਸਥਾਨਾਂ ਦੇ ਮੁਖੀਆਂ ਨਾਲ ਐੱਮ. ਓ. ਯੂਜ਼ 'ਤੇ ਦਸਤਖਤ ਕੀਤੇ ਅਤੇ ਉਨ੍ਹਾਂ ਦਾ ਆਪਸ 'ਚ ਤਬਾਦਲਾ ਕੀਤਾ। ਜਿਨ੍ਹਾਂ ਅੱਠ ਸੰਸਥਾਨਾਂ ਨਾਲ ਇਹ ਸਮਝੌਤੇ ਕੀਤੇ ਗਏ ਹਨ, ਉਨ੍ਹਾਂ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਰਾਸ਼ਟਰੀ ਡੇਅਰੀ ਖੋਜ ਸੰਸਥਾਨ, ਕਰਨਾਲ, ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੁਧਿਆਣਾ, ਇੰਡੀਅਨ ਇੰਸਟੀਚਿਊਟ ਆਫ ਵ੍ਹੀਟ ਐਂਡ ਬਾਰਲੇ ਰਿਸਰਚ, ਕਰਨਾਲ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਮੋਹਾਲੀ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਮਾਨਸਾ ਸ਼ਾਮਲ ਹਨ।
ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਕਿਸਾਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਆਪਣੀਆਂ ਤਕਨੀਕਾਂ ਅਤੇ ਤਕਨੀਕੀ ਗਿਆਨ ਸਾਂਝਾ ਕਰਨ ਵਾਸਤੇ ਅੱਠ ਸੰਸਥਾਨਾਂ ਨੇ ਹੱਥ ਮਿਲਾਇਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਆਲੂ ਦੀ ਰਹਿੰਦ-ਖੂੰਹਦ ਦੀ ਵਰਤੋਂ ਅਤੇ ਮੱਕੀ ਦੀ ਪ੍ਰੋਸੈਸਿੰਗ ਲਈ 800 ਕਰੋੜ ਰੁਪਏ ਦੀ ਲਾਗਤ ਵਾਲੇ 42 ਪ੍ਰਾਜੈਕਟ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਸੁਧਾਰ ਕਰਨ ਲਈ ਕੁੱਝ ਖੇਤਰਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ 'ਚ ਸਪਲਾਈ ਚੇਨ ਢਾਂਚੇ ਵਿਚਲੇ ਪਾੜੇ ਨੂੰ ਭਰਨਾ, ਉਤਪਾਦਨ ਅਤੇ ਪ੍ਰੋਸੈਸਿੰਗ ਵਿਚਕਾਰ ਸੰਪਰਕ ਦੀ ਕਮੀ ਨੂੰ ਦੂਰ ਕਰਨਾ, ਸੀਜ਼ਨਅਬਿਲਟੀ ਆਫ ਆਪ੍ਰੇਸ਼ਨਜ਼, ਲੋਅ ਕੈਪੇਸਿਟੀ ਯੂਟੀਲਾਈਜੇਸ਼ਨ ਅਤੇ ਉਤਪਾਦ ਵਿਕਾਸ ਅਤੇ ਕਾਢ ਦੀ ਕਮੀ ਆਦਿ ਸ਼ਾਮਲ ਹਨ।
ਬੀਬਾ ਬਾਦਲ ਨੇ ਇਸ ਮੌਕੇ ਉਨ੍ਹਾਂ ਸਫਲ ਕਾਰੋਬਾਰੀਆਂ ਦਾ ਵੀ ਸਨਮਾਨ ਕੀਤਾ, ਜਿਨ੍ਹਾਂ ਨੇ ਆਈ. ਆਈ. ਐੱਫ. ਪੀ. ਟੀ. ਦਫ਼ਤਰ ਦੇ ਸਹਿਯੋਗ ਨਾਲ ਆਪਣੇ ਕਾਰੋਬਾਰ ਸਥਾਪਤ ਕੀਤੇ ਹਨ ਅਤੇ ਪੀ. ਏ. ਯੂ. ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਸਮੇਤ ਸਾਰੇ ਸੰਸਥਾਨਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਈ. ਆਈ. ਐੱਫ. ਪੀ. ਟੀ. ਦੇ ਡਾਇਰੈਕਟਰ ਡਾਕਟਰ ਸੀ. ਆਨੰਧਰਮਾਕ੍ਰਿਸ਼ਨਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਜਦੋਂ ਤੋਂ ਇਸ ਸੰਸਥਾਨ ਦੀ ਨੀਂਹ ਰੱਖੀ ਗਈ ਹੈ, ਸੰਸਥਾਨ ਵੱਲੋਂ 100 ਲਘੂਕਾਲੀ ਅਤੇ ਦੀਰਘ ਕਾਲੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨਾਲ ਸੂਬੇ ਅੰਦਰ 650 ਹਿੱਸੇਦਾਰਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ 'ਚ 32 ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਨਾਲ ਦੋ ਹਜ਼ਾਰ ਕਿਸਾਨਾਂ ਅਤੇ ਦਿਹਾਤੀ ਔਰਤਾਂ ਨੂੰ ਲਾਭ ਹੋਇਆ ਹੈ।
ਵਿਦਿਆਰਥੀਆਂ 'ਚ ਰੀਡਿੰਗ ਹੈਬਿਟ ਸਬੰਧੀ ਸੀ. ਬੀ. ਐੱਸ. ਈ. ਲਏਗਾ ਟੈਸਟ
NEXT STORY