ਬਠਿੰਡਾ (ਪਰਮਿੰਦਰ) : ਪਰਾਲੀ ਨੂੰ ਅੱਗ ਲਾਉਣ, ਦੀਵਾਲੀ ਦੇ ਪਟਾਕਿਆਂ ਦੇ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਬਣੀ ਸਮੋਗ ਦੀ ਸਥਿਤੀ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੂਰਾ ਜ਼ਿਲਾ ਬਠਿੰਡਾ ਧੂੰਏਂ ਦੀ ਚਾਦਰ 'ਚ ਲਿਪਟ ਗਿਆ ਹੈ ਤੇ ਲੋਕਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਿਲ ਆਉਣ ਲੱਗੀ ਹੈ। ਧੂੰਏਂ ਕਰ ਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਦੂਜੇ ਪਾਸੇ ਬੀਮਾਰ, ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਧੂੰਆਂ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਜ਼ਿਲੇ ਭਰ 'ਚ ਧੂੰਆਂ ਛਾਇਆ ਹੋਇਆ ਹੈ ਜੋ ਦਿਨ ਪ੍ਰਤੀਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਦਿਨ 'ਚ ਧੂੰਆਂ ਕੁੱਝ ਘੱਟ ਰਹਿੰਦਾ ਹੈ ਪਰ ਦਿਨ ਢੱਲਦਿਆਂ ਹੀ ਧੂੰਏਂ ਦੀ ਇਹ ਚਾਦਰ ਹੋਰ ਵੀ ਗਹਿਰੀ ਹੋ ਜਾਂਦੀ ਹੈ। ਵਾਤਾਵਰਣ 'ਚ ਨਮੀ ਵਧਣ ਨਾਲ ਹੀ ਸ਼ਾਮ ਨੂੰ ਧੂੰਆਂ ਥੱਲ੍ਹੇ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਵਿਜ਼ੀਬਿਲਟੀ ਵੀ ਘੱਟ ਹੋ ਜਾਂਦੀ ਹੈ।
ਟ੍ਰੈਫਿਕ ਦੀ ਸਥਿਤੀ ਰਹੀ ਡਾਵਾਂਡੋਲ
ਸਮੌਗ ਕਰ ਕੇ ਮੁੱਖ ਸੜਕਾਂ 'ਤੇ ਟ੍ਰੈਫਿਕ ਦੀ ਸਥਿਤੀ ਡਾਵਾਂਡੋਲ ਰਹੀ। ਧੂੰਏਂ ਕਾਰਣ ਹਾਦਸਿਆਂ ਦੇ ਆਸਾਰ ਕਾਫੀ ਵੱਧ ਗਏ ਹਨ। ਦਿਨ 'ਚ ਹੀ ਲੋਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ। ਮਹਾਨਗਰ ਦੀਆਂ ਅੰਦਰੂਨੀ ਸੜਕਾਂ 'ਤੇ ਸਥਿਤੀ ਕੁੱਝ ਠੀਕ ਰਹੀ ਪਰ ਬਾਹਰੀ ਮੁੱਖ ਸੜਕਾਂ 'ਤੇ ਧੂੰਆਂ ਇੰਨਾ ਜ਼ਿਆਦਾ ਗਹਿਰਾ ਸੀ ਕਿ ਵਾਹਨ ਚਾਲਕਾਂ ਨੂੰ ਬੇਹੱਦ ਸਾਵਧਾਨੀ ਨਾਲ ਚਲਣਾ ਪਿਆ ਤੇ ਵਾਹਨਾਂ ਦੀ ਰਫ਼ਤਾਰ 'ਤੇ ਵੀ ਬ੍ਰੇਕ ਲੱਗੀ ਰਹੀ। ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਤਾਰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਲੋਕ ਮੂੰਹ ਢੱਕ ਕੇ ਵਾਹਨਾਂ 'ਤੇ ਜਾਂਦੇ ਵਿਖਾਈ ਦਿੱਤੇ ਜਦੋਂ ਕਿ ਕਈ ਲੋਕ ਮਾਸਕ ਪਾ ਕੇ ਵੀ ਘਰਾਂ ਤੋਂ ਬਾਹਰ ਨਿਕਲੇ। ਸ਼ੁੱਕਰਵਾਰ ਨੂੰ ਕਿਸਾਨਾਂ ਨੇ ਭਾਕਿਯੂ ਏਕਤਾ ਸਿੱਧੂਪੁਰ ਦੀ ਅਗਵਾਈ 'ਚ 70 ਏਕੜ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਅੱਗ ਕਰ ਕੇ ਨਜ਼ਦੀਕੀ ਮੁੱਖ ਸੜਕਾਂ ਦੀ ਵਿਜ਼ੀਬਿਲਟੀ ਬੇਹੱਦ ਘੱਟ ਰਹੀ।
ਅੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਦਾ ਡਰ
ਸਿਵਲ ਹਸਪਤਾਲ ਦੇ ਐੱਸ. ਐੱਸ. ਓ. ਡਾ. ਸਤੀਸ਼ ਗੋਇਲ ਦੇ ਅਨੁਸਾਰ ਧੂੰਏਂ ਕਰ ਕੇ ਅੱਖਾਂ, ਸਾਹ, ਛਾਤੀ ਅਤੇ ਦਿਲ ਦੇ ਰੋਗ ਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਧੂੰਆਂ ਬੀਮਾਰ ਲੋਕਾਂ, ਬੱਚਿਆਂ ਤੇ ਬਜ਼ੁਰਗਾਂ 'ਤੇ ਜ਼ਿਆਦਾ ਅਸਰ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਬੀਮਾਰੀਆਂ ਤੋਂ ਲੜਨ ਦੀ ਸਮਰਥਾ ਘੱਟ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਤੇ ਬਿਨਾਂ ਕਿਸੇ ਕੰਮ ਦੇ ਬੱਚਿਆਂ ਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਬਾਹਰ ਜਾਂਦੇ ਸਮੇਂ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ। ਇਸ ਦੇ ਨਾਲ ਹੀ ਅੱਖਾਂ ਦੇ ਬਚਾਅ ਲਈ ਚਸ਼ਮੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਭਾਕਿਯੂ ਏਕਤਾ (ਸਿੱਧੂਪੁਰ) ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੇ ਅਨੁਸਾਰ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਕੋਈ ਵੀ ਮਸ਼ੀਨ ਜਾਂ ਮੁਆਵਜ਼ਾ ਮੁਹੱਈਆ ਨਹੀਂ ਕਰਵਾਇਆ ਗਿਆ। ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਹੋਣ ਕਰ ਕੇ ਉਹ ਆਪਣੇ ਪੱਧਰ 'ਤੇ ਪਰਾਲੀ ਦਾ ਨਿਪਟਾਰੇ ਨਹੀਂ ਕਰ ਸਕਦੇ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਮਜਬੂਰਨ ਅੱਗ ਲਾਉਣੀ ਪੈਂਦੀ ਹੈ। ਜਦੋਂ ਤੱਕ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਸਹੀ ਨੀਤੀ ਨਹੀਂ ਬਣਾਉਂਦੀ ਉਦੋਂ ਤਕ ਕਿਸਾਨਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਲੱਖਾਂ ਕਿਸਾਨਾਂ, ਉਨ੍ਹਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਵੀ ਖਰਤਨਾਕ ਹੈ ਪਰ ਕਿਸਾਨਾਂ ਕੋਲ ਹੋਰ ਕੋਈ ਬਦਲ ਵੀ ਨਹੀਂ ਹੈ।
ਸਹਾਇਤਾ ਪ੍ਰਾਪਤ ਸਕੂਲਾਂ ਨੂੰ 5ਵੀਂ ਅਤੇ 8ਵੀਂ ਦੀ ਫੀਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ
NEXT STORY