ਚੰਡੀਗੜ੍ਹ (ਅੰਕੁਰ) : ਇਕ ਪਾਸੇ ਪੰਜਾਬ ਸਰਕਾਰ ਬੀ. ਬੀ. ਐੱਮ. ਬੀ. ਦੇ ਪੁਨਰਗਠਨ ਦੀ ਮੰਗ ਕਰ ਰਹੀ ਹੈ ਤਾਂ ਦੂਜੇ ਪਾਸੇ ਬੀ. ਬੀ. ਐੱਮ. ਬੀ. ਵਲੋਂ ਆਪਣੇ ਮਹੱਤਵਪੂਰਨ ਪ੍ਰਾਜੈਕਟ ਨਿੱਥੀ ਹੱਥਾਂ ’ਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨਾਲ ਵਿਵਾਦ ਦੇ ਮੱਦੇਨਜ਼ਰ ਬੀ. ਬੀ.ਐੱਮ. ਬੀ. ਆਪਣੇ ਜਲ ਸਰੋਤਾਂ ’ਤੇ ਮਾਈਕ੍ਰੋ-ਹਾਈਡਲ ਪ੍ਰਾਜੈਕਟਾਂ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਪ੍ਰਾਜੈਕਟ ਨੰਗਲ ਡੈਮ ਦੇ 2 ਬੰਦ ਗੇਟਾਂ ’ਤੇ ਬਣਾਉਣ ਦੀ ਯੋਜਨਾ ਹੈ। ਪ੍ਰਾਜੈਕਟ ਅਨੁਸਾਰ ਬੰਦ ਗੇਟਾਂ ਅੰਦਰ ਪੈੱਨ ਸਟਾਕ ਡਰਿੱਲ ਕਰ ਕੇ ਮਾਈਕ੍ਰੋ-ਹਾਈਡਲ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ ਤੇ ਨੰਗਲ ਤੋਂ ਛੱਡੇ ਜਾ ਰਹੇ ਸਤਲੁਜ ਦੇ ਕੁਦਰਤੀ ਵਹਾਅ ਤੋਂ ਪਣ-ਬਿਜਲੀ ਪ੍ਰਾਪਤ ਕੀਤੀ ਜਾਵੇਗੀ। ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਕੁਦਰਤੀ ਵਹਾਅ ਨੂੰ ਬਰਕਰਾਰ ਰੱਖਣ ਲਈ ਨੰਗਲ ਡੈਮ ਤੋਂ ਲਗਭਗ 500 ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਨਾਲ ਹੀ ਨੰਗਲ, ਤਲਵਾੜਾ ਤੇ ਚੰਡੀਗੜ੍ਹ ’ਚ ਆਪਣੀਆਂ ਕਾਲੋਨੀਆਂ ’ਚ ਸੂਰਜੀ ਊਰਜਾ ਪ੍ਰਾਜੈਕਟ ਸਥਾਪਿਤ ਕਰ ਕੇ ਸੂਰਜੀ ਊਰਜਾ ਦੀ ਵਰਤੋਂ ਕਰਨ ਦੀ ਵੀ ਯੋਜਨਾ ਬਣਾਈ ਹੈ। ਨੰਗਲ ਤੇ ਤਲਵਾੜਾ ਟਾਊਨਸ਼ਿਪਾਂ ’ਚ 4.7 ਮੈਗਾਵਾਟ ਛੱਤ ’ਤੇ ਲੱਗੇ ਸੂਰਜੀ ਊਰਜਾ ਪ੍ਰਾਜੈਕਟ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਜੂਨ ਦੇ ਅਖ਼ੀਰ ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਬੀ. ਬੀ. ਐੱਮ. ਬੀ. ਵਲੋਂ ਖਾਲੀ ਥਾਵਾਂ ’ਤੇ ਜ਼ਮੀਨ ’ਤੇ ਲੱਗੇ ਸੂਰਜੀ ਪ੍ਰਾਜੈਕਟਾਂ ਤੋਂ 16 ਮੈਗਾਵਾਟ ਸੂਰਜੀ ਊਰਜਾ ਪ੍ਰਾਪਤ ਕਰਨ ਦੀ ਯੋਜਨਾ ਵੀ ਨਿੱਜੀ ਫਰਮਾਂ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਗੁਰੂ ਰਵਿਦਾਸ ਆਯੁਰਵੈਦਿਕ ਮੈਡੀਕਲ ਯੂਨੀਵਰਸਿਟੀ ਦੇ ਚੇਅਰਮੈਨ ਸੰਜੀਵ ਗੌਤਮ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਫ਼ੈਸਲੇ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਛੋਟੇ ਨਿਵੇਸ਼ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਉਨ੍ਹਾਂ ਵਿਚ ਨਿਵੇਸ਼ ਕਰੇਗੀ। ਜਾਣਕਾਰੀ ਮੁਤਾਬਕ ਬੀ. ਬੀ. ਐੱਮ. ਬੀ. ਨੇ ਨੰਗਲ ਡੈਮ ’ਤੇ 1.79 ਮੈਗਾਵਾਟ ਦਾ ਮਾਈਕ੍ਰੋ-ਹਾਈਡਲ ਪ੍ਰਾਜੈਕਟ ਬਣਾਉਣ ਦੀ ਯੋਜਨਾ ਬਣਾਈ ਹੈ, ਜੋ ਨਿੱਜੀ ਕੰਪਨੀ ਨੂੰ ਦਿੱਤਾ ਜਾਣਾ ਹੈ। ਪ੍ਰਾਜੈਕਟ ਲਈ ਤਕਨੀਕੀ ਬੋਲੀ ਪਹਿਲਾਂ ਹੀ ਹੋ ਚੁੱਕੀ ਹੈ, ਹੁਣ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਟੈਂਡਰ ਜਾਰੀ ਕੀਤੇ ਜਾਣਗੇ।
ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ ਸਕਦੈ ਵੱਡਾ ਹਾਦਸਾ
NEXT STORY