ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਖੇਤੀ ਨਾਲ ਸਬੰਧਤ ਸਹਾਇਕ ਧੰਦਿਆਂ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਬਹੁਤ ਆਸਾਨ ਤੇ ਮੁਨਾਫੇ ਵਾਲਾ ਹੈ ਅਤੇ ਸ਼ਹਿਦ ਦਾ ਇਹ ਧੰਦਾ ਕਿਸਾਨਾਂ ਦੀ ਜ਼ਿੰਦਗੀ 'ਚ ਨਵੀਂ ਮਿਠਾਸ ਭਰ ਸਕਦਾ ਹੈ। ਕਿਸਾਨ ਭਰਾ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਕੇ ਚੋਖੀ ਆਮਦਨ ਕਮਾ ਸਕਦੇ ਹਨ ਅਤੇ ਇਸ ਧੰਦੇ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਸਕਦੇ ਹਨ।
ਇਸ ਮੌਕੇ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ: ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਹਾਈਵ, ਸਿਰ ਅਤੇ ਚਿਹਰੇ 'ਤੇ ਪਾਉਣ ਵਾਲੀ ਜਾਲੀ, ਹਾਈਵ ਟੂਲ, ਸਮੋਕਰ, ਮੋਮ ਦੀਆਂ ਬੁਨਿਆਦੀ ਸੀਟਾਂ, ਰਾਣੀ ਨਖੇੜੂ ਜਾਲੀ ਆਦਿ ਸਮਾਨ ਚਾਹੀਦਾ ਹੁੰਦਾ ਹੈ।ਮੱਖੀ ਦੇ ਡੱਬੇ ਰੱਖਣ ਲਈ ਥਾਂ ਦੀ ਸਹੀ ਚੋਣ ਕਰਨੀ ਬਹੁਤ ਜਰੂਰੀ ਹੁੰਦੀ ਹੈ। ਜਿੱਥੇ ਸਾਰਾ ਸਾਲ ਸ਼ਹਿਦ ਮੱਖੀਆਂ ਲਈ ਉਪਯੋਗੀ ਫੁੱਲ, ਤਾਜ਼ੇ ਪਾਣੀ ਦਾ ਪ੍ਰਬੰਧ, ਲੋੜ ਅਨੁਸਾਰ ਧੁੱਪ ਅਤੇ ਛਾਂ, ਹੜ ਆਦਿ ਦੀ ਮਾਰ ਤੋਂ ਦੂਰ, ਘੱਟ ਤੋਂ ਘੱਟ ਖੜਕਾ-ਦੜਕਾ ਅਤੇ ਗੱਡੀ ਜਾਂ ਟਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਢੁਕਵੀਂ ਥਾਂ ਹੁੰਦੀ ਹੈ।ਸ਼ਹਿਦ ਦੀਆਂ ਮੱਖੀ ਖਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਪੂਰੇ ਭਰੇ ਹੋਏ ਅੱਠ ਛੱਤਿਆਂ ਤੋਂ ਘੱਟ ਮੱਖੀਆਂ ਨਾ ਹੋਣ। ਰਾਣੀ ਮੱਖੀ ਨਵੀਂ ਤੇ ਗਰਭਤ ਹੋਵੇ। ਪੁਰਾਣੀ ਰਾਣੀ ਮੱਖੀ ਦਾ ਧੜ ਗੂੜੇ ਭੂਰੇ ਜਾਂ ਕਾਲੇ ਰੰਗ ਦਾ ਅਤੇ ਭੱਦੀ ਚਮਕ-ਦਮਕ ਵਾਲਾ ਹੁੰਦਾ ਹੈ। ਅੰਡੇ ਸਹੀ, ਸੈੱਲਾਂ ਦੇ ਥੱਲੇ, ਵਿਚਕਾਰ ਅਤੇ ਹਰ ਸੈੱਲ 'ਚ ਇਕ-ਇਕ ਹੋਣੇ ਚਾਹੀਦੇ ਹਨ।
ਸ਼ਹਿਦ ਮੱਖੀਆਂ ਦੇ ਕਟੁੰਬਾਂ ਦੇ ਗੇਟ ਬੰਦ ਕਰਨ ਤੋਂ ਬਾਅਦ ਇਨਾਂ ਦੀ ਢੋਆ-ਢੁਆਈ ਰਾਤ ਸਮੇਂ ਕਰੋ। ਕਟੁੰਬਾਂ ਨੂੰ ਘੱਟੋ-ਘੱਟ ਦਸ-ਦਸ ਫੁੱਟ ਦੂਰੀ ਦੀਆਂ ਲਾਈਨਾਂ 'ਚ ਹਾਈਵ ਤੋਂ ਹਾਈਵ ਦੀ ਵਿੱਥ 6 ਤੋਂ 8 ਫੁੱਟ ਅਤੇ ਗੇਟ ਚੜਦੇ ਪਾਸੇ ਵੱਲ ਪਰ ਆਮ ਆਵਾਜਾਈ ਦੇ ਰਸਤੇ ਤੋਂ ਉਲਟ ਪਾਸੇ ਵੱਲ ਕਰਕੇ ਰੱਖ ਕੇ ਟਿਕਾਉ ਅਤੇ ਇਨਾਂ ਦੇ ਗੇਟ ਖੋਲ ਦੇਣ ਚਾਹੀਦੇ ਹਨ। ਕਿਸਾਨ ਵੀਰ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਤੋਂ ਚੋਖੀ ਮਾਤਰਾ 'ਚ ਸ਼ਹਿਦ ਪ੍ਰਾਪਤ ਕਰਕੇ ਚੰਗੀ ਆਮਦਨ ਕਮਾ ਸਕਦੇ ਹਨ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਦ ਦੇ ਧੰਦੇ ਨੂੰ ਸ਼ੁਰੂ ਕਰਨ।
ਕੈਪਟਨ ਸਰਕਾਰ ਨੂੰ ਪੁੱਠਾ ਪਿਆ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ
NEXT STORY