ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਆਪਣੇ ਤੇਵਰ ਅਫ਼ਸਰਸ਼ਾਹੀ ਨੂੰ ਵਿਖਾ ਦਿੱਤੇ ਹਨ। ਚੰਡੀਗੜ੍ਹ ’ਚ ਅਫ਼ਸਰਸ਼ਾਹੀ ’ਚ ਇਹ ਚਰਚਾ ਚੱਲ ਰਹੀ ਹੈ ਕਿ ਉਕਤ ਅਧਿਕਾਰੀ ਨੇ ਮੁੱਖ ਮੰਤਰੀ ਦਫ਼ਤਰ ਤੋਂ ਗਏ ਇਕ ਦਿਸ਼ਾ-ਨਿਰਦੇਸ਼ ਨੂੰ ਲੈ ਕੇ ਨਾ ਨੁਕਰ ਕੀਤੀ ਸੀ। ਇਹ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 27 ਜਨਵਰੀ ਨੂੰ ਸੂਬੇ ’ਚ ਕੀਤੇ ਜਾਣ ਵਾਲੇ 500 ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਜਲੰਧਰ: ਆਟੋ ਚਾਲਕ ਨੂੰ ਪੁਲਸ ਮੁਲਾਜ਼ਮ ਨੇ ਜੜਿਆ ਥੱਪੜ, ਵੀਡੀਓ ਹੋਈ ਵਾਇਰਲ
ਮੁੱਖ ਮੰਤਰੀ ਦਫ਼ਤਰ ’ਚ ਇਹ ਚਰਚਾ ਚੱਲ ਰਹੀ ਹੈ ਕਿ ਜਦੋਂ ਉਕਤ ਅਧਿਕਾਰੀ ਨੇ ਸਰਕਾਰ ਦੇ ਨਿਰਦੇਸ਼ਾਂ ਨੂੰ ਲੈ ਕੇ ਕਿੰਤੁ-ਪਰੰਤੂ ਕੀਤਾ ਤਾਂ ਤੁਰੰਤ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ ਗਿਆ। ਜਦੋਂ ਮੁੱਖ ਮੰਤਰੀ ਨੇ ਇਹ ਗੱਲ ਸੁਣੀ ਤਾਂ ਉਹ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਤੁਰੰਤ ਉਕਤ ਅਧਿਕਾਰੀ ਦਾ ਤਬਾਦਲਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਪਹਿਲਾਂ ਉਕਤ ਅਧਿਕਾਰੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਕਾਫ਼ੀ ਨਜ਼ਦੀਕ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਸਰਕਾਰੀ ਕੰਮਾਂ ’ਚ ਕਿਸੇ ਕਿਸਮ ਦੀ ਢਿੱਲ ਨਹੀਂ ਚਾਹੁੰਦੇ। ਇਸ ਲਈ ਉਨ੍ਹਾਂ ਤੁਰੰਤ ਉਕਤ ਅਧਿਕਾਰੀ ਬਾਰੇ ਫ਼ੈਸਲਾ ਸੁਣਾ ਦਿੱਤਾ।
ਮੁੱਖ ਮੰਤਰੀ ਨੇ ਆਪਣੇ ਇਸ ਫ਼ੈਸਲੇ ਨਾਲ ਸਮੁੱਚੀ ਅਫ਼ਸਰਸ਼ਾਹੀ ਨੂੰ ਵੀ ਇਕ ਸੰਦੇਸ਼ ਦੇ ਦਿੱਤਾ ਹੈ ਕਿ ਸਾਰਿਆਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਕੋਈ ਅਧਿਕਾਰੀ ਸੀਟ ’ਤੇ ਬੈਠ ਕੇ ਸਰਕਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ। ਭਗਵੰਤ ਮਾਨ ਨੇ ਅਜਿਹਾ ਕਰਕੇ ਸੂਬੇ ’ਚ ਸਿਵਲ ਸਕੱਤਰੇਤ ਚੰਡੀਗੜ੍ਹ ’ਚ ਤਾਇਨਾਤ ਅਤੇ ਜ਼ਿਲ੍ਹਿਆਂ ’ਚ ਤਾਇਨਾਤ ਅਧਿਕਾਰੀਆਂ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਹਨ। ਹੁਣ ਜੋ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਭਵਿੱਖ ’ਚ ਵੀ ਹੋਵੇਗੀ।
ਇਹ ਵੀ ਪੜ੍ਹੋ : ਬਠਿੰਡਾ ਦੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਪਹਿਲਾਂ ਹੀ ਆਪਣਾ ਸਟੈਂਡ ਅਫ਼ਸਰਸ਼ਾਹੀ ਨੂੰ ਸਪੱਸ਼ਟ ਕਰ ਚੁੱਕੇ ਹਨ। ਹੁਣ ਸਰਕਾਰੀ ਹੁਕਮਾਂ ਦੇ ਮਾਮਲਿਆਂ ’ਚ ਵੀ ਉਨ੍ਹਾਂ ਨੇ ਇਕ ਮਿੰਟ ’ਚ ਸਬੰਧਤ ਅਧਿਕਾਰੀ ਖ਼ਿਲਾਫ਼ ਸਖ਼ਤ ਫ਼ੈਸਲਾ ਲੈ ਲਿਆ ਹੈ। ਭਾਵੇਂ ਉਕਤ ਅਧਿਕਾਰੀ ਦੇ ਤਬਾਦਲੇ ਨੂੰ ਰੁਟੀਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪਰ ਸਰਕਾਰੀ ਹਲਕਿਆਂ ’ਚ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਰਕਾਰੀ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਕਰਨ ਦੇ ਹੱਕ ’ਚ ਨਹੀਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਘਰ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਵਾਲੇ ਹੋ ਜਾਣ ਸਾਵਧਾਨ, ਰਾਤੋ-ਰਾਤ ਹੋ ਗਿਆ ਕਾਰਾ, ਦੇਖੋ ਵੀਡੀਓ
NEXT STORY