ਭਿੱਖੀਵਿੰਡ, ਖਾਲੜਾ (ਭਾਟੀਆ) : ਬੀਤੀ ਰਾਤ ਭਿੱਖੀਵਿੰਡ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਵੱਸਣ ਸਿੰਘ ਦੇ ਪੋਤਰੇ ਮਨਦੀਪ ਸਿੰਘ ਦੇ ਘਰ 'ਤੇ ਕੁਝ ਹਥਿਆਰਬੰਦ ਲੋਕਾਂ ਵਲੋਂ ਅੰਨੇਵਾਹ ਫਾਇਰਿੰਗ ਕਰਨ ਤੇ ਲਲਕਾਰੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਸਦੇ ਆਧਾਰ 'ਤੇ ਕਾਰਵਾਈ ਕਰਦਿਆਂ ਭਿੱਖੀਵਿੰਡ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਨੂੰ ਦਿੱਤੇ ਬਿਆਨਾਂ 'ਚ ਕਾਂਗਰਸੀ ਆਗੂ ਮਨਦੀਪ ਸਿੰਘ ਦੇ ਪਿਤਾ ਜਸਵੰਤ ਸਿੰਘ ਪੁੱਤਰ ਵੱਸਣ ਸਿੰਘ ਕੌਮ ਜੱਟ ਵਾਸੀ ਭਿੱਖੀਵਿੰਡ (ਬਹਿਕਾਂ) ਨੇ ਦੱਸਿਆ ਕਿ ਮੈਂ ਭਿੱਖੀਵਿੰਡ ਦਾ ਰਹਿਣ ਵਾਲਾ ਹਾਂ ਅਤੇ ਖੇਤੀਬਾੜੀ ਦਾ ਕੰਮ ਕਰਦਾ ਹਾਂ। ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਰਹੇ ਹਨ। ਉਸਨੇ ਕਿਹਾ ਕਿ ਮੇਰਾ ਲੜਕਾ ਮਨਦੀਪ ਸਿੰਘ ਵੀ ਉਨ੍ਹਾਂ ਤੋਂ ਬਾਅਦ ਪਿੰਡ ਦੀ ਨੁਮਾਇੰਦਿਗੀ ਕਰਦਾ ਹੈ ਜੋ ਹੁਣ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਹੈ। ਸਾਡੇ ਪਿੰਡ 'ਚ ਪੰਚਾਇਤੀ ਇਲੈਕਸ਼ਨ ਦੌਰਾਨ ਦੋ ਧੜੇ ਬਣ ਗਏ ਸਨ ਅਤੇ ਸਾਡੇ ਧੜੇ ਵਲੋਂ ਸਰਪੰਚੀ ਦੀ ਇਲੈਕਸ਼ਨ 'ਚ ਗੁਰਮੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਵਾੜਾ ਭਿੱਖੀਵਿੰਡ ਨੂੰ ਵੱਧ ਵੋਟਾਂ ਪੈਣ ਤੋਂ ਪਹਿਲਾਂ ਹੀ ਦੂਜੀ ਧਿਰ ਦੇ ਕਾਗਜ਼ ਰੱਦ ਹੋਣ ਕਰਕੇ ਸਰਪੰਚ ਚੁਣਿਆ ਗਿਆ ਸੀ , ਜੋ ਕਿ ਹੁਣ ਵਿਰੋਧੀ ਧਿਰ ਨੇ ਗੁਰਮੀਤ ਕੌਰ ਸਰਪੰਚ ਨੂੰ ਆਪਣੇ ਧੜੇ 'ਚ ਕੋਈ ਲਾਲਚ ਦੇ ਕੇ ਰਲਾ ਲਿਆ ਹੈ। ਵਿਰੋਧੀ ਧੜੇ ਦੇ ਮੈਂਬਰ ਕਹਿੰਦੇ ਹਨ ਕਿ ਅਸੀਂ ਆਪਣੇ ਜ਼ੋਰ ਨਾਲ ਦੂਜੇ ਮੈਂਬਰ ਵੀ ਧੱਕੇ ਨਾਲ ਆਪਣੇ ਧੜੇ 'ਚ ਸ਼ਾਮਲ ਕਰ ਲੈਣੇ ਹਨ। ਇਸ ਗੱਲ ਦੀਆਂ ਸਾਨੂੰ ਧਮਕੀਆਂ ਵੀ ਦਿੰਦੇ ਹਨ।
ਜਸਵੰਤ ਸਿੰਘ ਨੇ ਕਿਹਾ ਕਿ ਮੇਰੀ ਨੂੰਹ ਰਣਜੀਤ ਕੌਰ ਜਿਸਦਾ ਐਕਸੀਡੈਂਟ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਦਾਖਲ ਸੀ, ਜਿਸਦੇ ਕੋਲ ਮੇਰਾ ਲੜਕਾ ਮਨਦੀਪ ਸਿੰਘ ਗਿਆ ਹੋਇਆ ਸੀ। ਮੇਰੀ ਪਤਨੀ ਅਤੇ ਛੋਟੇ ਬੱਚੇ ਘਰ 'ਚ ਰੋਟੀ ਪਾਣੀ ਖਾ ਕੇ ਚੁਬਾਰੇ ਉੱਪਰ ਕਮਰਿਆਂ 'ਚ ਸੁੱਤੇ ਪਏ ਸੀ ਕਿ ਰਾਤ ਕਰੀਬ 1.45 ਮਿੰਟ 'ਤੇ ਇਕ ਗੱਡੀ ਸਾਡੀਆਂ ਬਹਿਕਾਂ ਵਾਲੀ ਲਿੰਕ ਰੋਡ 'ਤੇ ਸਾਡੀ ਬਹਿਕ ਦੇ ਸਾਹਮਣੇ ਰੁਕੀ ਤਾਂ ਉਸ 'ਚ ਸਵਾਰ ਵਿਅਕਤੀਆਂ ਨੇ ਪਹਿਲਾਂ ਛੋਟੇ ਹਥਿਆਰ ਨਾਲ ਫਾਇਰ ਕੀਤੇ ਤਾਂ ਮੈਂ ਉੱਠ ਪਿਆ ਤੇ ਬਾਰੀ ਖੋਲ੍ਹ ਕੇ ਕਮਰੇ ਦੀ ਲਾਈਟ ਜਗਾਈ ਤਾਂ ਵੇਖਿਆ ਤਾਂ ਮੇਰੇ ਵੱਲ ਵੇਖ ਕੇ ਸੜਕ 'ਤੇ ਚਾਰ ਵਿਅਕਤੀ ਗੱਡੀ 'ਚੋਂ ਬਾਹਰ ਨਿਕਲ ਕਿ ਮੈਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਏ ਕਿ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਆਪਣੇ ਮੁੰਡੇ ਨੂੰ ਹੇਠਾਂ ਭੇਜ ਸਾਡੇ ਨਾਲ ਵੇਖ ਲਵੇ ਤਾਂ ਏਨੇ ਨੂੰ ਮੈਂ ਬਾਰੀ ਬੰਦ ਕਰ ਲਈ ਤਾਂ ਇਨ੍ਹਾਂ ਵਿਅਕਤੀਆਂ ਨੇ ਆਪਣੇ ਆਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਮੇਰੇ ਵੱਲ ਨੂੰ ਬਾਰੀ 'ਚ ਮਾਰੇ ਜੋ 5 ਫਾਇਰ ਬਾਰੀ 'ਚ ਅਤੇ ਕੰਧ 'ਚ ਲੱਗੇ। ਹਮਲਾਵਰਾਂ 'ਚ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਉਰਫ ਈਟੂ ਵਾਸੀ ਭਿੱਖੀਵਿੰਡ, ਜਰਨੈਲ਼ ਸਿੰਘ ਪੁੱਤਰ ਪ੍ਰਤਾਪ ਸਿੰਘ ਉਰਫ ਫੌਜੀ, ਹਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਆਨ ਵਾੜਾ ਭਿੱਖੀਵਿੰਡ ਅਤੇ ਇੰਦਰ ਭਲਵਾਨ ਵਾਸੀ ਖੇਮਕਰਨ ਰੋਡ ਭਿੱਖੀਵਿੰਡ ਅਤੇ ਦੋ ਤਿੰਨ ਹੋਰ ਨਾ-ਮਾਲੂਮ ਵਿਅਕਤੀ ਜੋ ਗੱਡੀ 'ਚ ਸਵਾਰ ਸਨ। ਇਨ੍ਹਾਂ ਨੇ ਇਹ ਕਾਰਾ ਕੀਤਾ ਹੈ ਮੈਂ ਇਨ੍ਹਾਂ ਦੀ ਆਵਾਜ਼ ਪਛਾਣੀ ਹੈ। ਜਦੋਂ ਇਹ ਉੱਚੀ ਉੱਚੀ ਗਾਲਾਂ ਕੱਢ ਰਹੇ ਸਨ। ਵਜ੍ਹਾ ਰੰਜਿਸ਼ ਇਹ ਹੈ ਕਿ ਪੰਚਾਇਤੀ ਚੋਣਾਂ 'ਚ ਇਨ੍ਹਾਂ ਦੇ ਧੜੇ ਦੀ ਹਾਰ ਹੋਈ ਸੀ। ਇਸ ਹਾਰ ਦਾ ਬਦਲਾ ਲੈਣ ਵਾਸਤੇ ਉਕਤ ਵਿਅਕਤੀਆਂ ਨੇ ਇਕ ਸਲਾਹ ਹੋ ਕੇ ਸਾਡੇ ਘਰ ਵੱਲ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਹਮਲਾ ਕੀਤਾ ਹੈ। ਭਿੱਖੀਵਿੰਡ ਦੀ ਪੁਲਸ ਨੇ ਜਸਵੰਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਉਰਫ ਈਟੂ ਵਾਸੀ ਭਿੱਖੀਵਿੰਡ, ਜਰਨੈਲ਼ ਸਿੰਘ ਪੁੱਤਰ ਪ੍ਰਤਾਪ ਸਿੰਘ ਉਰਫ ਫੌਜੀ, ਹਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਆਨ ਵਾੜਾ ਭਿੱਖੀਵਿੰਡ ਅਤੇ ਅਣਪਛਾਤੇ ਦੋ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਓ. ਐੱਲ. ਐਕਸ. ਰਾਹੀਂ ਰੂਮ ਕਿਰਾਏ 'ਤੇ ਦੇਣਾ ਪਿਆ ਮਹਿੰਗਾ
NEXT STORY