ਫਾਜ਼ਿਲਕਾ (ਵੈੱਬ ਡੈਸਕ, ਸੋਨੂੰ ਚੋਪੜਾ) : ਫਾਜ਼ਿਲਕਾ ਦੇ ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ. ਆਈ. ਏ. ਫਾਜ਼ਿਲਕਾ ਦੀ ਟੀਮ ਨੇ ਦੋ ਤਸਕਰਾਂ ਨੂੰ ਭਾਰੀ ਮਾਤਰਾ 'ਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਵੱਡੀ ਕਾਰਵਾਈ ਦੌਰਾਨ ਪੁਲਸ ਨੇ ਉਨ੍ਹਾਂ ਕੋਲੋਂ 2 ਕਿੱਲੋ 143 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਫਾਜ਼ਿਲਕਾ ਦੇ ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਐੱਚ. ਸੀ. ਰਣਜੀਤ ਸਿੰਘ ਅਤੇ ਪੁਲਸ ਪਾਰਟੀ ਫਾਜ਼ਿਲਕਾ ਖੇਤਰ 'ਚ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਆਨੰਦਪੁਰ ਮੁਹੱਲੇ ਤੋਂ ਲਿੰਕ ਰੋਡ 'ਤੇ ਪੁਲਸ ਪਾਰਟੀ ਨੂੰ ਦੋ ਨੌਜਵਾਨ ਸ਼ੱਕੀ ਹਾਲਤ 'ਚ ਦਿਖਾਈ ਦਿੱਤੇ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਮੌਜੂਦ ਕਿੱਟ ਬੈਗ ਵਿੱਚੋਂ ਇਹ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਹੋਈ।
ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਫਿਰੋਜ਼ਪੁਰ ਦੀ ਬਸਤੀ ਕੇਸਰ ਸਿੰਘ (ਥਾਣਾ ਗੁਰੂ ਹਰਸਹਾਏ) ਦੇ ਰਹਿਣ ਵਾਲੇ ਸਵਰਨ ਸਿੰਘ ਪੁੱਤਰ ਮਿੱਠਣ ਸਿੰਘ ਅਤੇ ਫਾਜ਼ਿਲਕਾ ਦੇ ਆਨੰਦਪੁਰ ਮੁਹੱਲਾ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਲੇਖ ਰਾਜ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ਥਾਣਾ ਸਿਟੀ ਫਾਜ਼ਿਲਕਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21(ਸੀ), 29/61/85 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਮੁੱਢਲੀ ਜਾਂਚ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਦੋਵੇਂ ਮੁਲਜ਼ਮ ਇਹ ਹੈਰੋਇਨ ਸਿੱਧੂ ਵਾਲਾ (ਥਾਣਾ ਸਦਰ ਜਲਾਲਾਬਾਦ) ਦੇ ਰਹਿਣ ਵਾਲੇ ਜੱਜ ਸਿੰਘ ਨੂੰ ਸਪਲਾਈ ਕਰਨ ਜਾ ਰਹੇ ਸਨ। ਪੁਲਸ ਨੇ ਜੱਜ ਸਿੰਘ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ। ਜੱਜ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਬਹੁਤ ਗੰਭੀਰ ਹੈ, ਜਿਸਦੇ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ 'ਚ ਤਿੰਨ ਹੋਰ ਮਾਮਲੇ ਪਹਿਲਾਂ ਹੀ ਦਰਜ ਹਨ।
ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ, ਡਿਊਟੀ ਤੋਂ ਪਰਤਦੇ ਸਮੇਂ...
NEXT STORY