ਲੁਧਿਆਣਾ, (ਸਲੂਜਾ)- 220 ਕੇ. ਵੀ. ਪਾਵਰ ਸਬ-ਸਟੇਸ਼ਨ ਹੰਬੜਾਂ ਤੋਂ ਨਿਕਲਦੀ 66 ਕੇ. ਵੀ. ਹਾਈਟੈਂਸ਼ਨ ਵਾਇਰ ਦੇ ਜੰਪਰ ਸੜਨ ਨਾਲ ਅੱਜ ਸਥਾਨਕ ਨਗਰੀ 'ਚ ਲਗਾਤਾਰ ਕਈ ਘੰਟਿਆਂ ਤੱਕ ਬਲੈਕ ਆਊਟ ਰਿਹਾ, ਜਿਸ ਕਾਰਨ ਚਾਰੇ ਪਾਸੇ ਭੱਜ-ਦੌੜ ਮਚੀ ਰਹੀ। ਹੁੰਮਸ ਭਰੇ ਇਸ ਮੌਸਮ 'ਚ ਹੰਬੜਾਂ ਤੋਂ ਬਿਜਲੀ ਸਪਲਾਈ ਦੇ ਠੱਪ ਹੁੰਦੇ ਹੀ ਫਿਰੋਜ਼ਪੁਰ ਰੋਡ, ਅਗਰ ਨਗਰ, ਬੀ. ਆਰ. ਐੱਸ. ਨਗਰ, ਬੱਸ ਸਟੈਂਡ, ਜਵਾਹਰ ਨਗਰ, ਹੈਬੋਵਾਲ, ਜੋਸ਼ੀ ਨਗਰ, ਬਲੋ ਕੀ, ਅਮਲਤਾਸ਼, ਜਲੰਧਰ ਬਾਈਪਾਸ, ਚੌੜਾ ਬਾਜ਼ਾਰ, ਛਾਉਣੀ ਮੁਹੱਲਾ, ਚੰਦਰ ਨਗਰ, ਮਾਡਲ ਗ੍ਰਾਮ, ਮਾਡਲ ਟਾਊਨ, ਪੱਖੋਵਾਲ ਰੋਡ, ਦੁੱਗਰੀ, ਉਪਕਾਰ ਨਗਰ, ਜੱਸੀਆਂ ਰੋਡ, ਕਿਤਾਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਘੰਟਾਘਰ ਸਮੇਤ ਸੈਂਕੜੇ ਇਲਾਕਿਆਂ 'ਚ ਹਨੇਰਾ ਪਸਰ ਗਿਆ। ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਰਹਿਣ ਦੇ ਨਾਲ ਲੋਕਾਂ ਦੇ ਪਸੀਨੇ ਛੁੱਟ ਗਏ। ਪਾਵਰਕਾਮ 'ਚ ਸ਼ਿਕਾਇਤ ਕੇਂਦਰਾਂ 'ਤੇ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦੇ ਢੇਰ ਲੱਗ ਗਏ।
ਬਿਜਲੀ ਵਿਭਾਗ ਵੱਲੋਂ ਜਨਤਾ ਨੂੰ ਕੁਝ ਰਾਹਤ ਦੇਣ ਦੇ ਮਕਸਦ ਨਾਲ ਫਿਰੋਜ਼ਪੁਰ ਰੋਡ ਸਥਿਤ 220 ਕੇ. ਵੀ. ਬਿਜਲੀ ਘਰ ਤੋਂ ਲੋਕ ਸ਼ੈਡਿੰਗ ਸਿਸਟਮ ਤਹਿਤ ਬਿਜਲੀ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ ਪਰ ਇਲਾਕਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸਦਾ ਫਾਇਦਾ ਜ਼ਿਆਦਾਤਰ ਲੋਕਾਂ ਤਕ ਨਹੀਂ ਪਹੁੰਚ ਸਕਿਆ। ਦੁਪਹਿਰ ਤੋਂ ਲੈ ਕੇ ਸ਼ਾਮ ਢਲਣ ਤੱਕ ਲੋਕ ਬੇਹਾਲ ਰਹੇ। ਛੋਟੇ ਦੁਕਾਨਦਾਰਾਂ ਦਾ ਬਿਜਲੀ ਗੁੱਲ ਰਹਿਣ ਨਾਲ ਕੰਮਕਾਜ ਠੱਪ ਰਿਹਾ। ਪਾਵਰਕਾਮ ਦੀ ਨਿਕੰਮੀ ਕਾਰਗੁਜ਼ਾਰੀ 'ਤੇ ਸਵਾਲ ਕਰਦੇ ਹੋਏ ਉਕਤ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਪਾਵਰਕਾਮ ਵਲੋਂ ਉਪਭੋਗਤਾਵਾਂ ਨੂੰ ਡੋਰ ਸਟੈੱਪ 'ਤੇ ਬਿਹਤਰ ਤੋਂ ਬਿਹਤਰ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਜਦ ਵੀ ਕਿਸੇ ਪਾਵਰ ਸਬ-ਸਟੇਸ਼ਨ ਜਾਂ ਬਿਜਲੀ ਲਾਈਨ 'ਚ ਫਾਲਟ ਪੈ ਜਾਂਦਾ ਹੈ ਤਾਂ ਪਾਵਰਕਾਮ ਦਾ ਸਾਰਾ ਸਿਸਟਮ ਹੀ ਫਲਾਪ ਹੋ ਕੇ ਰਹਿ ਜਾਂਦਾ ਹੈ। ਉਨ੍ਹਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਜਾਨ ਕੱਢ ਦੇਣ ਵਾਲੇ ਮੌਸਮ 'ਚ ਕਿਸ ਤਰ੍ਹਾਂ ਕੋਈ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿ ਸਕਦਾ ਹੈ। ਜਦ ਵੀ ਬਿਜਲੀ ਸਪਲਾਈ ਕਿਸੇ ਵੀ ਕਾਰਨ ਬੰਦ ਹੁੰਦੀ ਹੈ ਤਾਂ ਇਨ੍ਹਾਂ ਦੇ ਸ਼ਿਕਾਇਤ ਦਰਜ ਕਰਨ ਵਾਲੇ ਸਾਰੇ ਨੰਬਰ ਜਵਾਬ ਦੇ ਜਾਂਦੇ ਹਨ। ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ। ਲੁਧਿਆਣਾ ਵਾਸੀਆਂ ਨੇ ਇਹ ਵੀ ਸਵਾਲ ਕੀਤਾ ਕਿ ਲੁਧਿਆਣਾ ਦੇ ਪਾਵਰ ਸਪਲਾਈ ਸਿਸਟਮ ਦੀ ਅੱਪਗ੍ਰੇਡੇਸ਼ਨ ਨੂੰ ਲੈ ਕੇ ਲਗਭਗ 400 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਪਰ ਨਾ ਤਾਂ ਬਿਜਲੀ ਦੀ ਕੁਆਲਿਟੀ ਅਤੇ ਨਾ ਹੀ ਲੱਗਣ ਵਾਲੇ ਅਣਮਿੱਥੇ ਕੱਟਾਂ 'ਚ ਕੋਈ ਸੁਧਾਰ ਆਇਆ ਹੈ। ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਪਨਾ ਬਿਨਾਂ ਕੁਆਲਿਟੀ ਅਤੇ ਰੈਗੂਲਰ ਬਿਜਲੀ ਸਪਲਾਈ ਦੇ ਸੰਭਵ ਨਹੀਂ ਹੈ। ਇਸ ਲਈ ਜਲਦ ਤੋਂ ਜਲਦ ਉਚਿਤ ਕਦਮ ਚੁੱਕੇ ਜਾਣ ਤਾਂ ਕਿ ਉਦਯੋਗਿਕ ਨਗਰੀ ਦੇ ਲੋਕ ਚੈਨ ਨਾਲ ਜੀਵਨ ਬਤੀਤ ਕਰਕੇ ਰਾਜ ਦੀ ਪ੍ਰਗਤੀ 'ਚ ਆਪਣਾ ਬਣਦਾ ਯੋਗਦਾਨ ਪਾ ਸਕਣ।
ਧੋਖਾਦੇਹੀ ਦੇ ਮਾਮਲੇ 'ਚ ਭਗੌੜਾ ਗ੍ਰਿਫਤਾਰ
NEXT STORY