ਚੰਡੀਗੜ੍ਹ (ਅਰਚਨਾ) - ਪੀ. ਜੀ. ਆਈ. 'ਚ ਟੈਸਟ ਲਈ ਲਏ ਗਏ ਮਰੀਜ਼ਾਂ ਦੇ ਖੂਨ ਦੇ ਸੈਂਪਲ ਸੜਕ 'ਤੇ ਸੁੱਟੇ ਜਾ ਰਹੇ ਹਨ। ਰਿਸਰਚ ਬਲਾਕ ਬੀ ਦੇ ਸਾਹਮਣੇ ਕਈ ਮਹੀਨਿਆਂ ਤੋਂ ਇਨਫੈਕਸ਼ਨ ਵਾਲਾ ਖੂਨ ਸੜਕ ਨੂੰ ਦਾਗਦਾਰ ਬਣਾ ਰਿਹਾ ਹੈ। ਰਿਸਰਚ ਬਲਾਕ ਬੀ 'ਚ ਐਂਡੋਕ੍ਰਾਇਨੋਲਾਜੀ, ਐਕਸਪੈਰੀਮੈਂਟਲ ਮੈਡੀਸਨ, ਹਿਪੈਟੋਲਾਜੀ, ਐਨਾਟਮੀ, ਫਾਰੈਂਸਿਕ ਵਿਭਾਗ ਆਦਿ ਦੀਆਂ ਲੈਬਾਟਰੀਆਂ ਹਨ। ਸੂਤਰ ਦੱਸਦੇ ਹਨ ਕਿ ਲੈਬਾਰਟਰੀਆਂ ਮਰੀਜ਼ਾਂ ਦੇ ਬਲੱਡ ਸੈਂਪਲ ਜਾਂਚ ਕਰਨ ਦੇ ਬਾਅਦ ਹਸਪਤਾਲ ਦੀ ਡ੍ਰੇਨ 'ਚ ਸੁੱਟ ਰਹੀਆਂ ਹਨ। ਡ੍ਰੇਨ ਦੇ ਬਲਾਕ ਹੋਣ ਕਾਰਨ ਸਾਰਾ ਖੂਨ ਸੜਕ 'ਤੇ ਫੈਲ ਜਾਂਦਾ ਹੈ, ਜਦੋਂਕਿ ਲੈਬ ਇੰਚਾਰਜ ਖੁਦ ਹੈਰਾਨ ਹਨ ਕਿ ਉਹ ਲੈਬਾਟਰੀਆਂ ਤੋਂ ਇੰਨਾ ਖੂਨ ਡ੍ਰੇਨ 'ਚ ਨਹੀਂ ਸੁੱਟ ਰਹੇ ਹਨ ਜਿੰਨਾ ਪੀ. ਜੀ. ਆਈ. ਦੀ ਸੜਕ 'ਤੇ ਦਿਖਾਈ ਦੇ ਰਿਹਾ ਹੈ।
ਸੁੱਟੇ ਗਏ ਖੂਨ ਦਾ ਰੰਗ ਕਿਤੇ ਲਾਲ ਤਾਂ ਕਿਤੇ ਕਾਲਾ ਹੋ ਚੁੱਕਾ ਹੈ। ਖੂਨ ਦੇ ਨਾਲ ਖਤਰਨਾਕ ਕੈਮੀਕਲ ਵੀ ਸੜਕ 'ਤੇ ਖੁੱਲ੍ਹੇਆਮ ਪਹੁੰਚ ਰਹੇ ਹਨ, ਜੋ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਇਨਫੈਕਸ਼ਨ ਕਰ ਸਕਦੇ ਹਨ। ਹੈੱਡ ਆਫ ਡਿਪਾਰਟਮੈਂਟਸ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਹੈ ਕਿ ਹਸਪਤਾਲ ਇੰਜੀਨੀਅਰਿੰਗ ਵਿੰਗ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਲੈਬਾਰਟਰੀਆਂ ਨੂੰ ਸੈਂਪਲ ਟੈਸਟ ਤੋਂ ਬਾਅਦ ਬਚੇ ਹੋਏ ਖੂਨ ਨੂੰ ਡ੍ਰੇਨ 'ਚ ਸੁੱਟਣ ਲਈ ਇੰਜੀਨੀਅਰਿੰਗ ਵਿੰਗ ਨੇ ਹੀ ਕਿਹਾ ਹੈ ਪਰ ਉਸ ਖੂਨ ਦੀ ਮਾਤਰਾ ਇੰਨੀ ਨਹੀਂ ਹੋ ਸਕਦੀ ਕਿ ਉਹ ਸੜਕ 'ਤੇ ਵਹੇ। ਇਹ ਖੂਨ ਕਿਥੋਂ ਆ ਰਿਹਾ ਹੈ, ਇਸਦੀ ਜਾਂਚ ਹੋਣੀ ਚਾਹੀਦੀ।
ਹੈੱਡਸ ਦਾ ਇਹ ਵੀ ਕਹਿਣਾ ਹੈ ਕਿ ਉਹ ਸੈਂਪਲ ਟੈਸਟ ਦੇ ਬਾਅਦ ਉਸ ਨੂੰ ਕੀਟਾਣੂ ਰਹਿਤ ਕਰਦੇ ਹਨ। ਕੀਟਾਣੂ ਰਹਿਤ ਸੈਂਪਲ ਨੂੰ ਵਾਇਲ ਸਮੇਤ ਪੀ. ਜੀ. ਆਈ. ਦੇ ਇਨਸੀਨਰੇਟਰ 'ਚ ਸਾੜਨ ਲਈ ਭੇਜ ਦਿੱਤਾ ਜਾਂਦਾ ਹੈ। ਜੋ ਬਲੱਡ ਡਿੱਗ ਜਾਂਦਾ ਹੈ, ਉਸ ਨੂੰ ਡ੍ਰੇਨ 'ਚ ਉਹ ਸੁੱਟਦੇ ਹਨ।
ਉਧਰ ਸੂਤਰ ਕਹਿੰਦੇ ਹਨ ਕਿ ਪੀ. ਜੀ. ਆਈ. ਦੀ ਹਰ ਲੈਬਾਰਟਰੀ 'ਚ ਇਕ ਦਿਨ 'ਚ 500 ਤੋਂ ਲੈ ਕੇ 1000 ਮਰੀਜ਼ਾਂ ਦੇ ਬਲੱਡ ਸੈਂਪਲ ਪਹੁੰਚਦੇ ਹਨ। ਇਨ੍ਹਾਂ 'ਚ ਸ਼ੂਗਰ, ਹਾਰਮੋਨਲ ਪ੍ਰਾਬਲਮ, ਐੈੱਚ. ਆਈ. ਵੀ., ਟਿਊਬਰਕਲੋਸਿਸ ਆਦਿ ਕਈ ਬੀਮਾਰੀਆਂ ਦੀ ਜਾਂਚ ਨਾਲ ਸੰਬੰਧਤ ਸੈਂਪਲ ਵੀ ਹੁੰਦੇ ਹਨ। ਜੇਕਰ 100 ਮਿਲੀਲੀਟਰ ਖੂਨ 'ਚ ਸਿਰਫ 2 ਮਿਲੀਲੀਟਰ ਬਲੱਡ ਵੀ ਇਨਫੈਕਟਿਡ ਹੋਵੇ ਤਾਂ ਪੂਰਾ 100 ਮਿਲੀਲੀਟਰ ਬਲੱਡ ਵੀ ਇਨਫੈਟਿਡ ਹੋ ਜਾਂਦਾ ਹੈ। ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਦੇ ਨਿਯਮ ਕਹਿੰਦੇ ਹਨ ਕਿ ਲੈਬਾਰਟਰੀਆਂ 'ਚੋਂ ਨਿਕਲਣ ਵਾਲਾ ਪਾਣੀ ਟ੍ਰੀਟ ਹੋਣ ਤੋਂ ਬਾਅਦ ਹੀ ਡ੍ਰੇਨ 'ਚ ਜਾਣਾ ਚਾਹੀਦਾ, ਜਦੋਂਕਿ ਚੰਡੀਗੜ੍ਹ ਦੇ ਕਿਸੇ ਵੀ ਹਸਪਤਾਲ 'ਚ ਲੈਬਾਟਰੀਆਂ ਦਾ ਪਾਣੀ (ਜਿਸ 'ਚ ਕੈਮੀਕਲ ਤੇ ਖੂਨ ਮੌਜੂਦ ਹੁੰਦਾ ਹੈ) ਟ੍ਰੀਟਮੈਂਟ ਦੇ ਬਿਨਾਂ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ। ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਬੋਰਡ ਸ਼ਹਿਰ ਦੇ ਹਸਪਤਾਲਾਂ ਨੂੰ ਐਫਲੁਏਂਟ ਟ੍ਰੀਟਮੈਂਟ ਪਲਾਂਟ ਨਾ ਲਾਏ ਜਾਣ 'ਤੇ ਕਈ ਨੋਟਿਸ ਵੀ ਫੜਾ ਚੁੱਕਾ ਹੈ।
ਜਾਨਵਰਾਂ 'ਤੇ ਕੀਤੀ ਗਈ ਰਿਸਰਚ ਤੋਂ ਤਾਂ ਨਹੀਂ ਨਿਕਲਿਆ ਖੂਨ?
ਪੀ. ਜੀ. ਆਈ. ਰਿਸਰਚ ਬਲਾਕ ਦੇ ਬਾਹਰ ਇਕ ਫੂਡ ਪੁਆਇੰਟ ਬਣਿਆ ਹੋਇਆ ਹੈ, ਜਿੱਥੇ ਡਾਕਟਰਾਂ, ਨਰਸਾਂ ਤੋਂ ਲੈ ਕੇ ਇੰਪਲਾਈਜ਼ ਵੀ ਖਾਣ-ਪੀਣ ਲਈ ਜਾਂਦੇ ਹਨ। ਫੂਡ ਪੁਆਇੰਟ ਨੇੜੇ ਖਿੱਲਰੇ ਖੂਨ ਤੇ ਗੰਦਗੀ ਦੀ ਬਦਬੂ ਕਾਰਨ ਲੋਕਾਂ 'ਚ ਖੌਫ ਪੈਦਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੇਸਟ ਦੇ ਸੜਕ 'ਤੇ ਆਉਣ ਦਾ ਮਤਲਬ ਹੈ ਕਿ ਪੀ. ਜੀ. ਆਈ. ਬਾਇਓਮੈਡੀਕਲ ਵੇਸਟ ਨਿਯਮਾਂ ਨੂੰ ਮੰਨ ਨਹੀਂ ਰਿਹਾ ਹੈ। ਇਹ ਨਿਯਮ ਇਸੇ ਕਾਰਨ ਬਣਾਏ ਗਏ ਹਨ ਤਾਂ ਜੋ ਆਸ-ਪਾਸ ਦੇ ਮਾਹੌਲ 'ਤੇ ਬਾਇਓਮੈਡੀਕਲ ਵੇਸਟ ਦੇ ਮਾੜੇ ਪ੍ਰਭਾਵ ਨਾ ਪੈ ਸਕਣ। ਸਿਰਫ ਬਲੱਡ ਤੋਂ ਦਿੱਕਤ ਨਹੀਂ ਹੈ। ਬਲੱਡ ਦੇ ਨਾਲ ਆਉਣ ਵਾਲੇ ਕੈਮੀਕਲ ਲੋਕਾਂ ਨੂੰ ਕਈ ਤਰ੍ਹਾਂ ਦੀ ਐਲਰਜੀ ਤੇ ਇਨਫੈਕਸ਼ਨ ਕਰ ਸਕਦੇ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲੈਬਾਰਟਰੀ 'ਚ ਇਨਫੈਕਟਿਡ ਬਲੱਡ ਨੂੰ ਠੀਕ ਤਰ੍ਹਾਂ ਡਿਸਪੋਜ਼ ਆਫ ਵੀ ਨਹੀਂ ਕੀਤਾ ਜਾ ਰਿਹਾ। ਕੁਝ ਕਰਮਚਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਡੈੱਡ ਬਾਡੀਜ਼ ਦੇ ਆਰਗਨ ਨੂੰ ਸਟੱਡੀ ਲਈ ਕੱਢਿਆ ਗਿਆ ਹੋਵੇ ਜਾਂ ਜਾਨਵਰਾਂ 'ਤੇ ਕੀਤੇ ਗਏ ਐਕਸਪੈਰੀਮੈਂਟ ਦੌਰਾਨ ਖੂਨ ਵਹਾਇਆ ਗਿਆ ਹੋਵੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਹੈ।
ਬਲੱਡ 'ਚ ਮੌਜੂਦ ਕੀਟਾਣੂ ਜੇਕਰ ਕਿਸੇ ਅਜਿਹੇ ਵਿਅਕਤੀ ਦੇ ਸਰੀਰ ਦੇ ਸੰਪਰਕ 'ਚ ਆਏ, ਜਿਸ ਨੂੰ ਜ਼ਖਮ ਹੈ ਤਾਂ ਉਸ ਨੂੰ ਇਨਫੈਕਸ਼ਨ ਹੋ ਸਕਦਾ ਹੈ। ਉਧਰ ਪੀ. ਜੀ. ਆਈ. ਇੰਪਲਾਈਜ਼ ਦਾ ਕਹਿਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਹੈੱਡਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਰਹੇ ਹਨ ਕਿ ਸੜਕਾਂ 'ਤੇ ਖੂਨ ਵਹਿ ਰਿਹਾ ਹੈ ਪਰ ਸੰਬੰਧਤ ਅਧਿਕਾਰੀ ਇਸ ਵੱਲ ਧਿਆਨ ਦੇਣ ਲਈ ਤਿਆਰ ਨਹੀਂ ਹਨ।
ਅੱਜ 26 ਸੈਕਟਰਾਂ 'ਚ 6 ਘੰਟੇ ਤਕ ਲੱਗਣਗੇ ਬਿਜਲੀ ਕੱਟ
NEXT STORY