ਲੁਧਿਆਣਾ(ਰਾਮ)-ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਈ. ਡਬਲਯੂ. ਐੱਸ. ਕਾਲੋਨੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਉਸ ਸਮੇਂ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੁਝ ਬੱਚਿਆਂ ਨੇ ਕੂੜੇ ਦੇ ਢੇਰ 'ਚੋਂ ਇਕ ਬੰਬਨੁਮਾ ਭਾਰੀ ਚੀਜ਼ ਨੂੰ ਕਬਾੜ ਸਮਝ ਕੇ ਚੁੱਕ ਲਿਆ ਅਤੇ ਕਬਾੜ 'ਚ ਵੇਚਣ ਲਈ ਚੱਲ ਪਏ ਪਰ ਰਸਤੇ 'ਚ ਇਕ ਰਾਹਗੀਰ ਦੀ ਨਜ਼ਰ ਪੈਣ ਅਤੇ ਸ਼ੱਕ ਹੋਣ 'ਤੇ ਉਸ ਨੇ ਤੁਰੰਤ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਉਕਤ ਭਾਰੀ ਬੰਬਨੁਮਾ ਚੀਜ਼ ਨੂੰ ਉਥੇ ਹੀ ਰਖਵਾ ਲਿਆ। ਸੂਚਨਾ ਮਿਲਦੇ ਹੀ ਥਾਣਾ ਪੁਲਸ ਅਤੇ ਸੀ. ਆਈ. ਏ.-2 ਦੀ ਪੁਲਸ ਮੌਕੇ 'ਤੇ ਪਹੁੰਚੀ। ਇਹ ਭਾਰੀ ਚੀਜ਼ ਬੰਬ ਹੋਣ ਦੀ ਖ਼ਬਰ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ, ਜਿਸ ਦੇ ਬਾਅਦ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਅਤੇ ਹੋਰ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਸ ਦੇ ਬਾਅਦ ਲੁਧਿਆਣਾ ਅਤੇ ਜਲੰਧਰ ਤੋਂ ਬੰਬ ਨਿਰੋਧਕ ਦਸਤਿਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕੁਝ ਬੱਚਿਆਂ ਨੇ ਖੇਡਦੇ ਹੋਏ ਈ. ਡਬਲਯੂ. ਐੱਸ. ਕਾਲੋਨੀ 'ਚ ਇਕ ਕੂੜੇ ਦੇ ਢੇਰ 'ਤੇ ਭਾਰੀ ਲੋਹੇ ਦੀ ਚੀਜ਼ ਪਈ ਹੋਈ ਦੇਖੀ ਤਾਂ ਉਸ ਨੂੰ ਲੋਹਾ ਸਮਝ ਕੇ ਚੁੱਕ ਲਿਆ ਅਤੇ ਕਬਾੜੀਏ ਕੋਲ ਵੇਚਣ ਲਈ ਚੱਲ ਪਏ। ਰਸਤੇ 'ਚ ਇਕ ਵਿਅਕਤੀ ਨੇ ਸ਼ੱਕ ਪੈਣ 'ਤੇ ਉਕਤ ਬੱਚਿਆਂ ਨੂੰ ਰੋਕਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਕਈ ਗੁਣਾ ਖ਼ਤਰਨਾਕ ਹੈ ਇਹ ਬੰਬਨੁਮਾ ਚੀਜ਼
ਜਾਣਕਾਰੀ ਅਨੁਸਾਰ ਮੌਕੇ 'ਤੇ ਜਾਂਚ ਲਈ ਪਹੁੰਚੇ ਲੁਧਿਆਣਾ ਬੰਬ ਨਿਰੋਧਕ ਦਸਤੇ ਨੇ ਜਾਂਚ ਕਰਨ ਉਪਰੰਤ ਇਸ ਨੂੰ ਕਥਿਤ ਰੂਪ ਨਾਲ ਸਧਾਰਨ ਰਾਕੇਟ ਲਾਂਚਰ ਦੱਸਿਆ। ਟੀਮ ਦਾ ਕਹਿਣਾ ਸੀ ਕਿ ਇਹ ਚੱਲਿਆ ਹੋਇਆ ਰਾਕੇਟ ਲਾਂਚਰ ਹੈ, ਜੋ ਹੁਣ ਡੈੱਡ ਹੋ ਚੁੱਕਾ ਹੈ।
ਇਸੇ ਦੌਰਾਨ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਇਸ ਨੂੰ ਖਤਰਨਾਕ ਬੰਬ ਦੱਸਿਆ। ਸਬ-ਇੰਸਪੈਕਟਰ ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਏ. ਐੱਸ. ਆਈ. ਰਵਿੰਦਰ ਕੁਮਾਰ, ਐੱਚ. ਸੀ. ਰਵਿੰਦਰ ਸਿੰਘ, ਕਾਂਸਟੇਬਲ ਰਣਜੀਤ ਸਿੰਘ ਅਤੇ ਮਨਦੀਪ ਸਿੰਘ ਦੀ ਟੀਮ ਨੇ ਦੱਸਿਆ ਕਿ ਇਹ ਖਤਰਨਾਕ ਆਰ. ਟੀ. ਸੈੱਲ ਵਾਲਾ ਬੰਬ ਹੈ। ਜੇਕਰ ਇਸ ਦੇ ਅਗਲੇ ਜਾਂ ਪਿਛਲੇ ਹਿੱਸੇ 'ਤੇ ਕੋਈ ਭਾਰੀ ਚੀਜ਼ ਟਕਰਾ ਜਾਂਦੀ ਤਾਂ ਇਸ ਨਾਲ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਦੀ ਲਪੇਟ 'ਚ ਆਸ-ਪਾਸ ਦਾ ਇਲਾਕਾ ਵੀ ਆ ਸਕਦਾ ਸੀ।
ਸਮਰਾਲਾ ਚੌਕ 'ਚ ਵਾਪਰੇ ਕਬਾੜੀਆ ਕਾਂਡ ਤੋਂ ਵੀ ਸੀ ਖਤਰਨਾਕ
ਜਲੰਧਰ ਤੋਂ ਪਹੁੰਚੀ ਟੀਮ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਮਰਾਲਾ ਚੌਕ 'ਚ ਇਕ ਕਬਾੜੀਏ ਦੀ ਦੁਕਾਨ 'ਤੇ ਹੋਏ ਭਿਆਨਕ ਹਾਦਸੇ ਵਾਂਗ ਇਸ ਵਾਰ ਉਸ ਤੋਂ ਵੀ ਜ਼ਿਆਦਾ ਭਿਆਨਕ ਹਾਦਸਾ ਵਾਪਰ ਸਕਦਾ ਸੀ। ਟੀਮ ਨੇ ਦੱਸਿਆ ਕਿ ਅੱਜ ਬਰਾਮਦ ਹੋਇਆ ਬੰਬ ਸਮਰਾਲਾ ਚੌਕ 'ਚ ਕਬਾੜ ਦੀ ਦੁਕਾਨ 'ਚ ਫਟੇ ਬੰਬ ਨਾਲੋਂ 6 ਗੁਣਾ ਜ਼ਿਆਦਾ ਖਤਰਨਾਕ ਸੀ, ਜਿਸ ਨਾਲ ਓਨਾ ਹੀ ਵੱਡਾ ਹਾਦਸਾ ਵਾਪਰ ਸਕਦਾ ਸੀ। ਫਿਲਹਾਲ ਜਲੰਧਰ ਤੋਂ ਗਏ ਬੰਬ ਨਿਰੋਧੀ ਦਸਤੇ ਨੇ ਬੰਬ ਨੂੰ ਨਸ਼ਟ ਕਰ ਦਿੱਤਾ ਹੈ।
ਬਡੂੰਗਰ ਨੂੰ ਰਾਸ਼ਟਰਪਤੀ ਦੇ ਓ. ਐੱਸ. ਡੀ. ਨੇ ਸਿੱਖ ਮਸਲਿਆਂ ਸਬੰਧੀ ਜਵਾਬੀ ਪੱਤਰ ਭੇਜਿਆ
NEXT STORY