ਹੁਸ਼ਿਆਰਪੁਰ, (ਜਸਵਿੰਦਰਜੀਤ)- ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿਚ ਵਰਕਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਸਰਕਾਰੀ ਡਾਕਟਰਾਂ ਖਿਲਾਫ਼ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆਗੂ ਦਲਜੀਤ ਰਾਏ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ, ਸੁਖਵਿੰਦਰ ਕੋਟਲੀ ਜਨਰਲ ਸਕੱਤਰ ਬਸਪਾ ਪੰਜਾਬ, ਗੁਰਲਾਲ ਸੈਲਾ ਸਾਬਕਾ ਪ੍ਰਧਾਨ ਬਸਪਾ ਪੰਜਾਬ, ਭਗਵਾਨ ਸਿੰਘ ਚੌਹਾਨ ਸਾਬਕਾ ਕੋਆਰਡੀਨੇਟਰ ਜੇ. ਐਂਡ ਕੇ., ਪ੍ਰਸ਼ੋਤਮ ਹੀਰ ਜ਼ਿਲਾ ਪ੍ਰਧਾਨ, ਠੇਕੇਦਾਰ ਭਗਵਾਨ ਦਾਸ, ਓਂਕਾਰ ਸਿੰਘ ਝੱਮਟ ਇੰਚਾਰਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਪਵਨ ਕੁਮਾਰ, ਸੰਨੀ ਭੀਲੋਵਾਲ ਪ੍ਰਧਾਨ ਯੂਥ ਵਿੰਗ ਬਸਪਾ, ਸੁਖਦੇਵ ਬਿੱਟਾ ਹਰਦੋਖਾਨਪੁਰ, ਨਰਿੰਦਰ ਖਨੌੜਾ ਸੈਕਟਰੀ ਜ਼ਿਲਾ ਹੁਸ਼ਿਆਰਪੁਰ, ਸੰਦੀਪ ਰਜਤ, ਸਾਬੂ ਸਿੰਘ, ਬਿੰਦਰ ਸਰੋਆ ਸ਼ਹਿਰੀ ਪ੍ਰਧਾਨ ਯੂਥ ਵਿੰਗ, ਨਰਿੰਦਰ ਫੁਗਲਾਣਾ ਸੰਮਤੀ ਮੈਂਬਰ ਆਦਿ ਹਾਜ਼ਰ ਸਨ।
ਬਸਪਾ ਆਗੂਆਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਵਿਚ ਕਮੀਸ਼ਨਖੋਰੀ ਦੀ ਲੁੱਟ-ਖਸੁੱਟ ਬੰਦ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਵੱਲੋਂ ਕਮੀਸ਼ਨ ਦੇ ਚੱਕਰ ਵਿਚ ਹਸਪਤਾਲ ਦੇ ਅੰਦਰੋਂ ਦਵਾਈਆਂ ਦੇਣ ਦੀ ਬਜਾਏ ਬਾਹਰੋਂ ਲੈਣ ਲਈ ਲਿਖੀਆਂ ਜਾ ਰਹੀਆਂ ਹਨ। ਕਮੀਸ਼ਨ ਦੇ ਚੱਕਰ ਵਿਚ ਬਿਨਾਂ ਮਤਲਬ ਦੇ ਟੈਸਟ ਤੇ ਸਕੈਨਿੰਗ ਆਦਿ ਲਿਖੀ ਜਾਂਦੀ ਹੈ, ਜੋ ਕਿ ਬਾਹਰੋਂ ਨਿੱਜੀ ਸਕੈਨ ਸੈਂਟਰਾਂ
ਅਤੇ ਲੈਬਾਰਟਰੀਆਂ ਵਿਚ ਮਹਿੰਗੇ ਮੁੱਲ 'ਤੇ ਕੀਤੇ ਜਾਂਦੇ ਹਨ। ਜ਼ਿਆਦਾਤਰ ਮਰੀਜ਼ਾਂ ਦੀ ਸਕੈਨਿੰਗ, ਟੈਸਟ ਆਦਿ ਬਾਹਰੋਂ ਹੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਵਲ ਹਸਪਤਾਲ ਵਿਚ ਇਲਾਜ ਮੁਫ਼ਤ ਅਤੇ ਸੁਚਾਰੂ ਬਣਾਉਣ ਦੇ ਦਾਅਵੇ ਕਰਦੀ ਹੈ ਪਰ ਹੋ ਸਭ ਇਸ ਦੇ ਉਲਟ ਰਿਹਾ ਹੈ। ਇਸੇ ਤਰ੍ਹਾਂ ਹਸਪਤਾਲ ਵਿਚ ਮੌਜੂਦ ਨਸ਼ਾ ਛੁਡਾਊ ਕੇਂਦਰ ਵਿਚ ਰੋਜ਼ਾਨਾ 350 ਦੇ ਕਰੀਬ ਨਸ਼ਾ ਛੱਡਣ ਵਾਲਿਆਂ ਨੂੰ ਦਵਾਈ ਦਿੱਤੀ ਜਾਂਦੀ ਹੈ ਪਰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ।
ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਕਿ ਚਿਤਾਵਨੀ ਦਿੱਤੀ ਕਿ ਜੇ ਉਕਤ ਮਸਲਿਆਂ 'ਤੇ ਸਿਵਲ ਸਰਜਨ ਹੁਸ਼ਿਆਰਪੁਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਸਪਾ ਹਾਈ ਕਮਾਨ ਨਾਲ ਸਲਾਹ-ਮਸ਼ਵਰਾ ਕਰ ਕੇ ਹਰ ਸੋਮਵਾਰ ਬਸਪਾ ਵੱਲੋਂ 11 ਵਰਕਰਾਂ ਨਾਲ ਸਿਵਲ ਹਸਪਤਾਲ ਸਾਹਮਣੇ ਮੁਜ਼ਾਹਰਾ ਕਰਿਆ ਕਰਨਗੇ।
ਕੀ ਕਹਿੰਦੇ ਨੇ ਸਿਵਲ ਸਰਜਨ ਡਾ. ਸੂਦ : ਇਸ ਸਬੰਧੀ ਜਦੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਬਸਪਾ ਆਗੂਆਂ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਪਹਿਲਾਂ ਉਹ ਇਸ ਸਬੰਧੀ ਮੈਨੂੰ ਮਿਲ ਕੇ ਜ਼ਰੂਰ ਦੱਸਦੇ। ਇਸ ਸਮੇਂ ਸਿਵਲ ਹਸਪਤਾਲ 'ਚ ਸਾਰੀਆਂ ਬੀਮਾਰੀਆਂ ਲਈ ਕਰੀਬ 225 ਪ੍ਰਕਾਰ ਦੀਆਂ ਦਵਾਈਆਂ ਉਪਲੱਬਧ ਹਨ, ਜੋ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸੇ ਹੀ ਤਰ੍ਹਾਂ 50 ਤਰ੍ਹਾਂ ਦੇ ਟੈਸਟ ਮਰੀਜ਼ਾਂ ਦੇ ਮੁਫ਼ਤ ਕੀਤੇ ਜਾ ਰਹੇ ਹਨ।
ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼
NEXT STORY