ਲੁਧਿਆਣਾ, (ਸੰਨੀ)- ਪੁਲਸ ਵਲੋਂ ਜਲੰਧਰ ਬਾਈਪਾਸ ਪੁਲ ਦੇ ਉੱਪਰ ਖਤਰਨਾਕ ਢੰਗ ਨਾਲ ਡਿਵਾਈਡਰ ਪਾਰ ਕਰ ਕੇ ਗਲਤ ਸਾਈਡ 'ਤੇ ਬੱਸ ਚਲਾਉਣਾ ਲਗਾਤਾਰ ਜਾਰੀ ਹੈ। ਹਾਲਾਂਕਿ ਨਗਰ ਦੀ ਪੁਲਸ ਵਲੋਂ ਮੀਡੀਆ ਦੇ ਜ਼ਰੀਏ ਇਸ ਮਾਮਲੇ ਦਾ ਪਤਾ ਲੱਗਦੇ ਹੀ ਬੀਤੇ ਦਿਨੀਂ 2 ਚਾਲਕਾਂ ਖਿਲਾਫ ਕਾਰਵਾਈ ਕਰਦਿਆਂ ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਦੀਆਂ ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਸੀ ਪਰ ਹੋਰ ਚਾਲਕਾਂ ਉੱਪਰ ਪੁਲਸ ਦੀ ਇਸ ਕਾਰਵਾਈ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।
ਦਰਅਸਲ ਸ਼ਿਵਪੁਰੀ ਚੌਕ, ਕਾਰਾਬਾਰਾ ਚੌਕ ਅਤੇ ਜਲੰਧਰ ਬਾਈਪਾਸ ਚੌਕ 'ਚ ਸਿਕਸਲੇਨ ਪ੍ਰਾਜੈਕਟ ਦੇ ਪੁਲ ਸ਼ੁਰੂ ਹੋ ਚੁੱਕੇ ਹਨ ਪਰ ਬੱਸ ਚਾਲਕ ਅਤੇ ਹੋਰ ਭਾਰੀ ਵਾਹਨ ਪੁਲ ਦੀ ਵਰਤੋਂ ਨਹੀਂ ਕਰਦੇ। ਇਸ ਦੌਰਾਨ ਨਗਰ ਦੀ ਟਰੈਫਿਕ ਪੁਲਸ ਵਲੋਂ ਸੇਖੇਵਾਲ ਕਟ ਦੇ ਕੋਲ ਬੈਰੀਕੇਡਿੰਗ ਕਰ ਕੇ ਉਥੇ ਟਰੈਫਿਕ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ ਤਾਂ ਕਿ ਬੱਸ ਅਤੇ ਹੋਰ ਭਾਰੀ ਵਾਹਨਾਂ ਦੇ ਚਾਲਕ ਸਰਵਿਸ ਲੇਨ 'ਚ ਨਾ ਦਾਖਲ ਹੋ ਸਕਣ। ਸਰਵਿਸ ਲੇਨ ਦਾ ਪ੍ਰਯੋਗ ਜ਼ਿਆਦਾਤਰ ਲੋਕਲ ਟਰੈਫਿਕ ਕਰਦੀ ਹੈ ਪਰ ਬੱਸਾਂ ਦੇ ਦਾਖਲ ਹੋਣ ਕਾਰਨ ਉਥੇ ਜਾਮ ਲੱਗ ਜਾਂਦਾ ਹੈ। ਸੇਖੇਵਾਲ ਕੱਟ ਤੋਂ ਪੁਲ ਦੇ ਉੱਪਰ ਚੜ੍ਹ ਕੇ ਬੱਸ ਚਾਲਕ ਕੁੱਝ ਅੱਗੇ ਜਾ ਕੇ ਪੁਲ ਦੇ ਉਪਰੋਂ ਹੀ ਬੱਸਾਂ ਨੂੰ ਡਿਵਾਈਡਰ ਪਾਰ ਕਰਵਾ ਕੇ ਗਲਤ ਸਾਈਡ ਜਾ ਰਹੇ ਹਨ, ਜੋ ਬੱਸ ਵਿਚ ਬੈਠੀਆਂ ਸਵਾਰੀਆਂ ਅਤੇ ਸੜਕ 'ਤੇ ਚੱਲ ਰਹੇ ਹੋਰ ਲੋਕਾਂ ਦੀ ਸੁਰੱਖਿਆ ਲਈ ਬੇਹੱਦ ਖਤਰਨਾਕ ਹੈ। ਬੀਤੇ ਦਿਨੀਂ ਮਾਮਲੇ ਦਾ ਪਤਾ ਲੱਗਦੇ ਹੀ ਟਰੈਫਿਕ ਪੁਲਸ ਨੇ ਪੁਲ ਦੇ ਉੱਪਰ ਵਿਸ਼ੇਸ਼ ਨਾਕਾਬੰਦੀ ਕਰ ਕੇ ਇਸ ਤਰ੍ਹਾਂ ਦੇ 2 ਚਾਲਕਾਂ ਖਿਲਾਫ ਐੱਫ. ਆਈ. ਆਰਜ਼ ਦਰਜ ਕੀਤੀਆਂ ਸੀ ਪਰ ਬੱਸ ਚਾਲਕਾਂ ਵਲੋਂ ਨਿਯਮਾਂ ਦੀ ਉਲੰਘਣਾ ਲਗਾਤਾਰ ਜਾਰੀ ਹੈ।
ਬਾਹੂਬਲੀਆਂ ਦੀਆਂ ਬੱਸਾਂ ਜਾ ਰਹੀਆਂ ਐਲੀਵੇਟਿਡ ਪੁਲ ਤੋਂ
ਦੂਜੇ ਪਾਸੇ ਬਾਹੂਬਲੀਆਂ ਦੀਆਂ ਬੱਸਾਂ ਦਾ ਸ਼ਹਿਰ ਦੇ ਵਿਚਕਾਰ ਦਾਖਲ ਹੋ ਕੇ ਐਲੀਵੇਟਿਡ ਪੁਲ ਤੋਂ ਗੁਜ਼ਰਨਾ ਵੀ ਜਾਰੀ ਹੈ, ਜਿਸ ਦਾ ਹੋਰ ਬੱਸ ਕੰਪਨੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ। ਦਿੱਲੀ ਸਾਈਡ ਵਲੋਂ ਆਉਣ ਵਾਲੀਆਂ ਬੱਸਾਂ ਜਾਂ ਤਾਂ ਸ਼ੇਰਪੁਰ ਚੌਕ, ਸਮਰਾਲਾ ਚੌਕ, ਬਸਤੀ ਜੋਧੇਵਾਲ ਚੌਕ ਤੋਂ ਹੁੰਦੇ ਹੋਏ ਅੱਗੇ ਜਾਂਦੀਆਂ ਹਨ ਪਰ ਟਰੈਫਿਕ ਪੁਲਸ ਵਲੋਂ ਸੇਖੇਵਾਲ ਕਟ 'ਤੇ ਬੈਰੀਕੇਡਿੰਗ ਕਰਨ ਕਰ ਕੇ ਉਨ੍ਹਾਂ ਨੂੰ ਜਲੰਧਰ ਬਾਈਪਾਸ ਚੌਕ ਦੀ ਸਵਾਰੀ ਨਹੀਂ ਮਿਲ ਪਾ ਰਹੀ। ਕਈ ਬਾਹੂਬਲੀਆਂ ਦੀਆਂ ਬੱਸਾਂ ਦੇ ਚਾਲਕ ਟਰੈਫਿਕ ਪੁਲਸ ਦੇ ਸਾਰੇ ਯਤਨਾਂ ਨੂੰ ਟਿੱਚ ਜਾਣਦੇ ਹੋਏ ਸ਼ੇਰਪੁਰ ਚੌਕ ਤੋਂ ਢੋਲੇਵਾਲ ਚੌਕ, ਵਿਸ਼ਵਕਰਮਾ ਚੌਕ, ਜਗਰਾਓਂ ਪੁਲ ਤੋਂ ਹੁੰਦੇ ਹੋਏ ਐਲੀਵੇਟਿਡ ਪੁਲ 'ਤੇ ਬੱਸਾਂ ਨੂੰ ਭਜਾ ਰਹੇ ਹਨ।
ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
NEXT STORY