ਜਲੰਧਰ, (ਅਮਿਤ)- ਵੀਰਵਾਰ ਨੂੰ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਵੱਲੋਂ ਸਹਿਕਾਰਤਾ ਭਵਨ ਵਿਚ ਇਕੱਠੇ ਹੋ ਕੇ ਡੀ. ਸੀ. ਦਫਤਰ ਵੱਲ ਰੋਸ ਮਾਰਚ ਕੱਢਿਆ ਗਿਆ। ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਵੀ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਸਰਕਾਰ ਦੇ ਪ੍ਰਤੀ ਭਾਰੀ ਰੋਸ ਪੈਦਾ ਹੋ ਰਿਹਾ ਹੈ। ਸੀ. ਪੀ. ਐੱਫ. ਯੂਨੀਅਨ ਵੱਲੋਂ ਜਲੰਧਰ ਵਿਖੇ 14 ਅਕਤੂਬਰ ਨੂੰ ਚਿਤਾਵਨੀ ਰੈਲੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਹੈ।
ਯੂਨੀਅਨ ਦੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਵੀ ਡੀ. ਸੀ. ਸਾਹਿਬ ਨੂੰ ਦਿੱਤਾ ਗਿਆ, ਜਿਸ ਵਿਚ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਯਾਦ ਕਰਵਾਇਆ ਗਿਆ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਆਉਂਦੇ ਹੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦਾ ਫਾਇਦਾ ਦਿੱਤਾ ਜਾਵੇਗਾ ਕਿਉਂਕਿ ਐੱਨ. ਪੀ. ਐੱਸ. ਪ੍ਰਣਾਲੀ ਵਿਚ ਸਾਰਾ ਪੈਸਾ ਸ਼ੇਅਰ ਬਾਜ਼ਾਰ 'ਚ ਲੱਗਦਾ ਹੈ, ਜਿਸ ਦੀ ਰਿਟਰਨ ਦੀ ਕੋਈ ਗਾਰੰਟੀ ਨਹੀਂ ਹੈ। ਚੋਣਾਂ ਤੋਂ ਪਹਿਲਾਂ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਜੋ ਕਰਮਚਾਰੀ ਦੇ ਖਿਲਾਫ ਐੱਨ. ਪੀ. ਐੱਸ. ਪ੍ਰਣਾਲੀ ਹੈ, ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਕਿ ਕਰਮਚਾਰੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਇਸ ਮੌਕੇ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਜਲੰਧਰ ਦੇ ਪ੍ਰਧਾਨ ਨਾਨਕ ਸਿੰਘ, ਪੰਜਾਬ ਵਿੱਤ ਸਕੱਤਰ ਅਮਨਦੀਪ ਸਿੰਘ, ਪੰਜਾਬ ਲੀਗਲ ਸਲਾਹਕਾਰ ਰਾਜਿੰਦਰ ਕੁਮਾਰ, ਉਪ ਚੇਅਰਮੈਨ ਸੋਹਨ ਲਾਲ ਸਹੋਤਾ, ਜ਼ਿਲਾ ਖਜ਼ਾਨਚੀ ਗਗਨਦੀਪ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਉਪ ਪ੍ਰਧਾਨ ਰਵੀ ਸ਼ਰਮਾ ਅਤੇ ਵਿਪਨ ਕੁਮਾਰ, ਪ੍ਰੈੱਸ ਸਕੱਤਰ ਨਵਜੋਤ ਮੱਕੜ, ਉਪ ਪ੍ਰਧਾਨ ਦੀਪਕ ਕੁਮਾਰ ਅਤੇ ਗੁਰਪ੍ਰੀਤ ਸਿੰਘ, ਪ੍ਰਬੰਧਕ ਸਕੱਤਰ ਗੁਰਬਚਨ ਸਿੰਘ, ਸਕੱਤਰ ਦਵਿੰਦਰ ਕੁਮਾਰ, ਸਕੱਤਰ ਨੀਰਜ ਬੱਗਾ, ਰਵਿੰਦਰ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਜਸਵਿੰਦਰ ਕੌਰ, ਕਸ਼ਮੀਰੀ ਲਾਲ, ਰਾਕੇਸ਼ ਗਿੱਲ, ਅਵਿਨਾਸ਼ ਕਮਲ, ਰਾਹੁਲ ਪਠਾਨੀਆ, ਰਾਜੀਵ ਪਠਾਨੀਆ ਆਦਿ ਮੈਂਬਰ ਮੌਜੂਦ ਸਨ।
ਆੜ੍ਹਤ, ਮਜ਼ਦੂਰੀ ਤੇ ਲੋਡਿੰਗ ਦੀ ਅਦਾਇਗੀ ਇਕੱਠੀ ਹੋਵੇਗੀ : ਅਨੁਦਿਤਾ ਮਿੱਤਰਾ
NEXT STORY