ਬਟਾਲਾ (ਮਠਾਰੂ) - ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਧੁੱਪਸੜੀ ਨਿਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਅੱਜ ਪੂਰੀ ਹੋ ਗਈ ਹੈ। ਹੁਣ ਧੁੱਪਸੜੀ ਪਿੰਡ ਸਮੇਤ ਗਰੀਨ ਸਿਟੀ, ਉਸਮਾਨਪੁਰ ਅਸਟੇਟ, ਭੁਲੇਰ ਕਲੋਨੀ ਅਤੇ ਆਸ-ਪਾਸ ਦੇ ਵਸਨੀਕਾਂ ਨੂੰ 66 ਕੇ.ਵੀ. ਸਬ ਸਟੇਸ਼ਨ ਸਿਵਲ ਹਸਪਤਾਲ ਬਟਾਲਾ ਤੋਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਧੁੱਪਸੜੀ ਪਿੰਡ ਦੇ ਨਵੇਂ ਬਿਜਲੀ ਫੀਡਰ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਬਾਜਵਾ ਨੇ ਕਾਹਨੂੰਵਾਨ ਰੋਡ ਤੇ ਕਾਦੀਆਂ ਰੋਡ ਨੂੰ ਜੋੜਨ ਵਾਲੀ 60 ਫੁੱਟ ਚੌੜੀ ਸੜਕ ਨੂੰ ਬਣਾਉਣ ਦੇ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ 1.7 ਕਰੋੜ ਰੁਪਏ ਦੀ ਲਾਗਤ ਆਵੇਗੀ।
ਨਵੇਂ ਬਿਜਲੀ ਫੀਡਰ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਿੰਡ ਧੁੱਪਸੜੀ ਵਾਸੀਆਂ ਦੀ ਚਿਰਾਂ ਤੋਂ ਮੰਗ ਸੀ ਕਿ ਉਨ੍ਹਾਂ ਦੇ ਪਿੰਡ ਨੂੰ ਵਡਾਲਾ ਗ੍ਰੰਥੀਆਂ ਤੋਂ ਹਟਾ ਕੇ ਬਟਾਲਾ ਸ਼ਹਿਰ ਦੇ ਬਿਜਲੀ ਘਰ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਧੁੱਪਸੜੀ ਪਿੰਡ ਨੂੰ ਵਡਾਲਾ ਗ੍ਰੰਥੀਆਂ ਤੋਂ ਬਿਜਲੀ ਸਪਲਾਈ ਆਉਂਦੀ ਸੀ ਅਤੇ ਲਾਈਨ ਲੰਬੀ ਹੋਣ ਕਾਰਨ ਅਕਸਰ ਹੀ ਫਾਲਟ ਪੈਣ ਨਾਲ ਬਿਜਲੀ ਸਪਲਾਈ ਬੰਦ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਜਾਇਜ ਮੰਗ ਦਾ ਹੱਲ ਕਰਦਿਆਂ 61 ਲੱਖ ਰੁਪਏ ਦੀ ਲਾਗਤ ਨਾਲ 66 ਕੇ.ਵੀ. ਮਾਤਾ ਸੁਲੱਖਣੀ ਜੀ ਸਬ ਸਟੇਸ਼ਨ ਸਿਵਲ ਹਸਪਤਾਲ ਬਟਾਲਾ ਤੋਂ ਨਵੀਂ ਲਾਈਨ ਪਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਨਵੇਂ ਫੀਡਰ ਨਾਲ ਪਿੰਡ ਧੁੱਪਸੜੀ ਅਤੇ ਕਾਦੀਆਂ ਤੇ ਕਾਹਨੂੰਵਾਨ ਰੋਡ ਉੱਪਰ ਪੈਂਦੀਆਂ ਕਲੋਨੀਆਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਬਾਜਵਾ ਨੇ ਕਿਹਾ ਕਿ ਕਾਹਨੂੰਵਾਨ ਅਤੇ ਕਾਦੀਆਂ ਰੋਡ ਨੂੰ ਜੋੜਨ ਲਈ ਗਰੀਨ ਸਿਟੀ ਕਲੋਨੀ ਦੇ ਵਿਚੋਂ ਦੀ ਜੋ 60 ਫੁੱਟ ਸੜਕ ਲੰਘਦੀ ਹੈ ਉਸਨੂੰ ਨਵਾਂ ਬਣਾਇਆ ਜਾਵੇਗਾ ਅਤੇ ਇਸ ਉੱਪਰ ਕਰੀਬ 1.7 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਇਹ ਸੜਕ ਅਗਲੇ 2 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਇਹ ਸੜਕ ਇੱਕ ਤਰਾਂ ਨਾਲ ਬਾਈਪਾਸ ਦਾ ਕੰਮ ਕਰੇਗੀ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਹੀ ਇਹ ਤਰਜੀਹ ਰਹੀ ਹੈ ਕਿ ਲੋਕ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਅੱਜ ਦੇ ਇਹ ਪ੍ਰਾਜੈਕਟ ਵੀ ਲੋਕਾਂ ਦੇ ਵੱਡੇ ਮਸਲੇ ਸਨ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸ. ਸੁਖਦੀਪ ਸਿੰਘ ਸੁੱਖ ਤੇਜਾ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਪਾਵਰਕਾਮ ਦੇ ਐੱਸ.ਈ. ਇੰਜੀ: ਰਮਨ ਸ਼ਰਮਾ, ਐਕਸੀਅਨ ਜਗਜੋਤ ਸਿੰਘ, ਸਰਪੰਚ ਬਲਜਿੰਦਰ ਕੌਰ, ਸੁਖਵਿੰਦਰ ਸਿੰਘ ਆਦਿ ਮੋਹਤਬਰ ਹਾਜ਼ਰ ਸਨ।
ਪੰਜਗਰਾਈਂ ਕਲਾਂ ਦੇ ਮਨੀ ਐਕਸਚੇਂਜਰ ਤੋਂ 3 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਕਾਬੂ
NEXT STORY