ਟੋਰਾਂਟੋ - ਕੈਨੇਡਾ ਬੇਸ਼ੱਕ ਪ੍ਰਵਾਸੀਆਂ ਦਾ ਮੁਲਕ ਹੈ ਪਰ ਇਥੇ ਵਸ ਚੁੱਕੇ ਲੋਕਾਂ ਨੂੰ ਨਵੇਂ ਪ੍ਰਵਾਸੀਆਂ ਦੀ ਆਮਦ ਪਸੰਦ ਨਹੀਂ ਆ ਰਹੀ। ਦੱਸ ਦਈਏ ਕਿ ਤਾਜ਼ਾ ਸਰਵੇਖਣ 'ਚ 63 ਫੀਸਦੀ ਕੈਨੇਡੀਅਨਾਂ ਨੇ ਆਖਿਆ ਕਿ ਇਮੀਗ੍ਰੇਸ਼ਨ ਦੀ ਹੱਦ ਸੀਮਤ ਹੋਣੀ ਚਾਹੀਦੀ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਕ ਸਰਵੇਖਣ ਮੁਤਾਬਕ ਸਿਰਫ਼ 37 ਫੀਸਦੀ ਲੋਕਾਂ ਨੇ ਕਿਹਾ ਕਿ ਕੈਨੇਡਾ ਦੇ ਵਧਦੇ ਅਰਥਚਾਰੇ ਨੂੰ ਵੇਖਦਿਆਂ ਨਵੇਂ ਪ੍ਰਵਾਸੀਆਂ ਦੀ ਆਮਦ 'ਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਥੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਇਕ ਪਾਸੇ ਦੇਸ਼ ਭਰ 'ਚ ਕਾਰੋਬਾਰੀਆਂ ਨੂੰ ਕਾਮੇ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਇਸ ਕਿਸਮ ਦੇ ਸਰਵੇਖਣ ਚਿੰਤਾ ਪੈਦਾ ਕਰਦੇ ਹਨ। ਆਰਥਿਕ ਮਾਹਿਰ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਕਾਮਿਆਂ ਦੀ ਕਮੀ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਹੀ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦਾ ਹੈ।
ਅਹਿਮਦ ਹੁਸੈਨ ਨੇ ਕਿਹਾ ਕਿ ਸੰਭਾਵਿਤ ਤੌਰ 'ਤੇ ਕੈਨੇਡਾ ਦੇ ਲੋਕ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿਚਲੀਆਂ ਹੋਰ ਕਮੀਆਂ ਕਰ ਕੇ ਨਵੇਂ ਪ੍ਰਵਾਸੀਆਂ ਦੀ ਆਮਦ ਤੋਂ ਚਿੰਤਤ ਹਨ ਪਰ ਅਜਿਹੀ ਕਿਸੇ ਸਮੱਸਿਆ ਦਾ ਜਵਾਬ ਪ੍ਰਵਾਸੀਆਂ ਦੀ ਆਮਦ ਵਿਚ ਕਟੌਤੀ ਨਹੀਂ ਹੋ ਸਕਦਾ। ਸਰਵੇਖਣ ਦੇ ਨਤੀਜਿਆਂ ਮੁਤਾਬਕ ਇਮੀਗ੍ਰੇਸ਼ਨ ਦਾ ਵਿਰੋਧ ਕਰਨ ਵਾਲਿਆਂ 'ਚ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਜ਼ਿਆਦਾ ਦਰਜ ਕੀਤੀ ਗਈ। 7 ਜੂਨ ਤੋਂ 10 ਜੂਨ ਦਰਮਿਆਨ ਕੀਤੇ ਗਏ ਆਨਲਾਈਨ ਸਰਵੇਖਣ ਦੌਰਾਨ 1528 ਜਣਿਆਂ ਦੀ ਸਲਾਹ ਦਰਜ ਕੀਤੀ ਗਈ।
ਸਰਵੇਖਣ ਮਾਹਿਰਾਂ ਦਾ ਆਖਣਾ ਹੈ ਕਿ ਆਨਲਾਈਨ ਰਾਏਸ਼ੁਮਾਰੀ 'ਚ ਤਰੁਟੀ ਹੋਣ ਦਾ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਇਹ ਆਬਾਦੀ ਦੇ ਬੇਤਰਤੀਬ ਨਮੂਨੇ ਨੂੰ ਪੇਸ਼ ਨਹੀਂ ਕਰਦੇ। ਸਰਵੇਖਣ ਦੌਰਾਨ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਨੇ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ, ਉਥੇ ਹੀ ਲਿਬਰਲ ਪਾਰਟੀ ਦੇ ਹਮਾਇਤੀਆਂ 'ਚੋਂ 59 ਫੀਸਦੀ ਨੇ ਆਖਿਆ ਕਿ ਉਹ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੇ ਹੱਕ 'ਚ ਹਨ।
ਐੱਨ. ਡੀ. ਪੀ. ਮੈਂਬਰਾਂ ਵੱਲੋਂ 56 ਫੀਸਦੀ ਨੇ ਪ੍ਰਵਾਸੀਆਂ ਦੀ ਆਮਦ ਵਧਾਏ ਜਾਣ ਦੀ ਵਕਾਲਤ ਕੀਤੀ ਜਦਕਿ ਗ੍ਰੀਨ ਪਾਰਟੀ ਦੇ 43 ਫੀਸਦੀ ਸਮਰਥਕ ਪ੍ਰਵਾਸੀਆਂ ਦੇ ਪੱਖ 'ਚ ਨਜ਼ਰ ਆਏ। ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ 'ਚੋਂ ਸਿਰਫ 19 ਫੀਸਦੀ ਨੇ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੀ ਵਕਾਲਤ ਕੀਤੀ। ਦੱਸ ਦਈਏ ਕਿ ਫਰਵਰੀ 'ਚ ਕੀਤੇ ਸਰਵੇਖਣ 'ਚ ਸ਼ਾਮਲ ਅੱਧੇ ਲੋਕਾਂ ਨੇ ਕੈਨੇਡਾ ਆ ਰਹੇ ਪ੍ਰਵਾਸੀਆਂ ਅਤੇ ਰਫਿਊਜ਼ੀਆਂ ਦੀ ਗਿਣਤੀ ਨੂੰ ਹੱਦ ਤੋਂ ਜ਼ਿਆਦਾ ਕਰਾਰ ਦਿੱਤਾ
ਨਹਿਰ 'ਚੋਂ ਅਣਪਛਾਤੀ ਲਾਸ਼ ਬਰਾਮਦ
NEXT STORY