ਜਲੰਧਰ(ਧਵਨ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦਾ ਲਿਆ ਗਿਆ ਫੈਸਲਾ ਸਹੀ ਹੈ ਕਿਉਂਕਿ ਅਜਿਹੇ ਡੋਪ ਟੈਸਟ ਤਾਂ ਸਾਵਧਾਨੀ ਲਈ ਭਾਰਤੀ ਫੌਜ ਵਿਚ ਵੀ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਨਸ਼ਾ ਕਰਨ ਵਾਲੇ ਲੋਕਾਂ ਵਲੋਂ ਹੇਠਲੇ ਪੱਧਰ ਦੇ ਨਸ਼ੇ ਦੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਨੌਜਵਾਨ ਮੌਤ ਦੇ ਸ਼ਿਕਾਰ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਅਤੇ ਮਾਫੀਆ 'ਤੇ ਸਰਕਾਰ ਨੇ ਲਗਾਮ ਕੱਸ ਦਿੱਤੀ ਹੈ। ਹੁਣ ਆਸਾਨੀ ਨਾਲ ਨਸ਼ੇ ਵਾਲੇ ਪਦਾਰਥ ਮੁਹੱਈਆ ਨਹੀਂ ਹੋ ਰਹੇ ਹਨ। ਨਸ਼ਾ ਸਮੱਗਲਰ ਵੀ ਸੂਬੇ ਨੂੰ ਛੱਡ ਕੇ ਦੌੜ ਚੁੱਕੇ ਹਨ। ਅਸਲ ਵਿਚ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤਕ ਸਿਆਸਤਦਾਨਾਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਦਾ ਡੋਪ ਟੈਸਟ ਕਰਵਾਉਣ ਦਾ ਮਾਮਲਾ ਹੈ, ਇਹ ਫੈਸਲਾ ਉਨ੍ਹਾਂ ਦੀ ਅੰਤਰ-ਆਤਮਾ 'ਤੇ ਛੱਡ ਦਿੱਤਾ ਹੈ। ਕਿਸੇ ਵੀ ਗੈਂਗਸਟਰ ਨੂੰ ਛੱਡਾਂਗੇ ਨਹੀਂ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਵਲੋਂ ਬਦਨਾਮ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਗ੍ਰਿਫਤਾਰ ਕਰਨ 'ਤੇ ਇਕ ਟਵੀਟ ਕਰਕੇ ਪੰਜਾਬ ਪੁਲਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਸੂਬੇ ਵਿਚ ਕਾਨੂੰਨ ਨੂੰ ਆਪਣੇ ਹੱਥ ਵਿਚ ਲਵੇਗਾ, ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਬਣਾ ਕੇ ਹੀ ਰਹੇਗੀ।
ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਜ਼ਖਮੀ
NEXT STORY