ਚੰਡੀਗੜ੍ਹ (ਸ਼ਰਮਾ) - ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ 3 ਸਾਲਾਂ ਦੇ ਕਾਰਜਕਾਲ ਅਤੇ ਉਪਲੱਬਧੀਆਂ ’ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਰਿਪੋਰਟ-ਕਾਰਡ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਕੈਪਟਨ ਖੁਦ ਹੀ ਆਪਣੀ ਪਿੱਠ ਥਪਥਪਾ ਰਹੇ ਹਨ, ਜਦੋਂਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ ਅਤੇ ਇਸ ਤੋਂ ਪ੍ਰਦੇਸ਼ ਦੀ ਜਨਤਾ ਭਲੀ-ਭਾਂਤੀ ਵਾਕਿਫ ਹੈ। ਕੈਪਟਨ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ’ਚ ਜਨਤਾ ’ਤੇ ਜ਼ੁਲਮ ਕੀਤੇ ਹਨ। ਸਰਕਾਰ ਰੇਤ ਮਾਫੀਆ, ਤੇਲ ਮਾਫੀਆ, ਸ਼ਰਾਬ ਮਾਫੀਆ ਅਤੇ ਮੁਲਜ਼ਮਾਂ ਦੇ ਦਬਾਅ ’ਚ ਕੰਮ ਕਰ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ, ਮੰਤਰੀ, ਵਿਧਾਇਕ ਅਤੇ ਜ਼ਿਲਾ ਪੱਧਰ ਦੇ ਨੇਤਾ ਕੈ. ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ’ਤੇ ਖੁੱਲ੍ਹ ਕੇ ਵਿਧਾਨ ਸਭਾ ਅਤੇ ਮੀਡੀਆ ਦੇ ਸਾਹਮਣੇ ਬੋਲ ਰਹੇ ਹਨ, ਜਿਸ ਨੂੰ ਪ੍ਰਦੇਸ਼ ਦੀ ਜਨਤਾ ਖੁਦ ਆਪਣੀਆਂ ਅੱਖਾਂ ਨਾਲ ਦੇਖ ਰਹੀ ਹੈ। ਕੈਪਟਨ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ-ਲੁਭਾਉਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਸ ਦਾ ਇਕ ਵੀ ਵਚਨ ਪੂਰਾ ਨਹੀਂ ਕੀਤਾ ਗਿਆ।
ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਖੁਦ ਡਰੱਗਜ਼ ਦੇ ਧੰਦੇ ’ਚ ਜਕੜ੍ਹੇ ਗਏ ਹਨ ਪਰ ਕੈਪਟਨ ਉਨ੍ਹਾਂ ਨੂੰ ਬਚਾਉਣ ’ਚ ਜੁਟੇ ਹੋਏ ਹਨ ਅਤੇ ਪੁਲਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਕਾਂਗਰਸੀ ਖਿਲਾਫ਼ ਕਾਰਵਾਈ ਨਾ ਕਰੇ। ਸ਼ਰਮਾ ਨੇ ਕਿਹਾ ਕਿ ਵਿਕਾਸ ਤਾਂ ਦੂਰ ਮੁੱਢਲੀਆਂ ਸਹੂਲਤਾਂ ’ਚ ਵੀ ਸਰਕਾਰ ਅਸਫਲ ਸਾਬਿਤ ਹੋ ਚੁੱਕੀ ਹੈ। ਸ਼ਹਿਰਾਂ ’ਚ ਨਵੀਆਂ ਸੜਕਾਂ ਤਾਂ ਕੀ ਸੜਕਾਂ ਦੇ ਟੋਏ ਭਰਵਾਉਣ ’ਚ ਵੀ ਸਰਕਾਰ ਅਸਫਲ ਹੈ। ਸੂਬੇ ਦੀ ਜਨਤਾ ਅੱਜ ਵੀ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਯਾਦ ਕਰ ਕੇ ਕਾਂਗਰਸ ਨੂੰ ਵੋਟਾਂ ਪਾਉਣ ਦੀ ਗਲਤੀ ਲਈ ਪਛਤਾਵੇ ਦੀ ਅੱਗ ਵਿਚ ਝੁਲਸ ਰਹੀ ਹੈ। ਹੁਣ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਇਸ ਦਾ ਮੂੰਹ-ਤੋੜ ਜਵਾਬ ਦੇ ਕੇ ਹਿਸਾਬ ਚੁਕਾਉਣ ਲਈ ਤਿਆਰ ਹੈ।
ਪੜ੍ਹੋ ਇਹ ਖਬਰ ਵੀ - ਪੰਜਾਬ ’ਚ ਨਹੀਂ ਚੱਲੇਗੀ ‘ਆਪ’ ਦੀ ਲਹਿਰ
ਡਾਕਟਰ ਮੰਗਾਂ ਨੂੰ ਲੈ ਕੇ ਕਰ ਰਹੇ ਹਨ ਪ੍ਰਦਰਸ਼ਨ, ਮਰੀਜ਼ਾ ਖਾ ਰਹੇ ਹਨ ਦਰ-ਦਰ ਦੀਆਂ ਠੋਕਰਾਂ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ’ਚ ਅਗਲੇ ਤਿੰਨ ਸਾਲਾਂ ’ਚ 3 ਨਵੇਂ ਮੈਡੀਕਲ ਕਾਲਜ ਸ਼ੁਰੂ ਕਰਨ, ਸਾਰੇ ਹਸਪਤਾਲਾਂ ’ਚ ਆਈ. ਸੀ. ਯੂ., ਨਿੱਜੀ ਲੈਬਾਂ ਨਾਲ ਹੱਥ ਮਿਲਾਉਣ, 300 ਤੰਦਰੁਸਤ ਪੰਜਾਬ ਸਿਹਤ ਕੇਦਰਾਂ ਨੂੰ ਟੈਲੀ ਮੈਡੀਸਨ ਨਾਬ ਨਾਲ ਜੋੜਨ, ਹੈਪੇਟਾਈਟਿਸ-ਸੀ ਦੇ ਰੋਗੀਆਂ ਨੂੰ ਮੁਫ਼ਤ ਦਵਾਈ, ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ 24 ਘੰਟੇ ਮੁਫਤ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਆਲਮ ਇਹ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਕਮੀ ਹੈ ਅਤੇ ਜੋ ਮੈਡੀਕਲ ਕਾਲਜ ਪਹਿਲਾਂ ਤੋਂ ਚੱਲ ਰਹੇ ਹਨ, ਉਥੇ ਵੀ ਪ੍ਰੋਫੈਸਰਾਂ ਅਤੇ ਸਹੂਲਤਾਂ ਦੇ ਨਾਂ ’ਤੇ ਸਿਰਫ਼ ਖਾਨਾ-ਪੂਰਤੀ ਕੀਤੀ ਜਾ ਰਹੀ ਹੈ। ਸ਼ਰਮਾ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਹਰ ਰੋਜ਼ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ ਧਰਨੇ-ਪ੍ਰਦਰਸ਼ਨਾਂ ’ਤੇ ਡਟੇ ਰਹਿੰਦੇ ਹਨ ਅਤੇ ਮਰੀਜ਼ਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਖਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ। ਸਰਕਾਰੀ ਹਸਪਤਾਲਾਂ ’ਚ ਦਵਾਈਆਂ ਤਾਂ ਪਹਿਲਾਂ ਮਿਲਦੀਆਂ ਨਹੀਂ, ਉਲਟਾ ਡਾਕਟਰ ਟੈਸਟ ਬਾਹਰੋਂ ਕਰਵਾਉਣ ਲਈ ਕਹਿੰਦੇ ਹਨ।
ਪੜ੍ਹੋ ਇਹ ਖਬਰ ਵੀ - ਅਸ਼ਵਨੀ ਸ਼ਰਮਾ ਹੋ ਸਕਦੇ ਹਨ ਪੰਜਾਬ ਭਾਜਪਾ ਪ੍ਰਧਾਨ!
ਪੰਜਾਬ ਦੀ ਜਨਤਾ ਨੂੰ ਕੇਂਦਰ ਦੀਆਂ ਯੋਜਨਾਵਾਂ ਦਾ ਨਹੀਂ ਮਿਲ ਰਿਹਾ ਲਾਭ
ਸ਼ਰਮਾ ਨੇ ਮਨਪ੍ਰੀਤ ਦੇ ਦਿੱਲੀ ਤੋਂ ਪੰਜਾਬ ਨੂੰ ਕਦੇ ਇਸ ਦੇ ਹੱਕ ਨਾ ਮਿਲਣ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਨਤਾ ਦੇ ਹਿੱਤ ’ਚ ਸ਼ੁਰੂ ਕੀਤੀਆਂ ਗਈਆਂ ਲਾਭਕਾਰੀ ਯੋਜਨਾਵਾਂ ਨੂੰ ਪੰਜਾਬ ’ਚ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਕੇਂਦਰ ਵਲੋਂ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਪੰਜਾਬ ’ਚ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਆਪਣੇ ਹਿੱਸੇ ਦਾ 25 ਤੋਂ ਲੈ ਕੇ 40 ਫੀਸਦੀ ਤੱਕ ਹਿੱਸਾ ਪਾਉਣਾ ਹੁੰਦਾ ਹੈ, ਜੋ ਪੰਜਾਬ ਸਰਕਾਰ ਕੋਲ ਨਹੀਂ ਹੈ, ਜਿਸ ਕਾਰਣ ਅੱਜ ਤੱਕ ਪੰਜਾਬ ਦੀ ਜਨਤਾ ਕੇਂਦਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੀ ਹੈ। ਸ਼ਰਮਾ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ’ਚ ਡੁੱਬੀ ਪੰਜਾਬ ਸਰਕਾਰ ਕੇਂਦਰ ਤੋਂ 1000 ਕਰੋੜ ਦਾ ਕਰਜ਼ਾ ਹੋ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਸਰਬੱਤ ਬੀਮਾ ਯੋਜਨਾ ਨੂੰ ਵੀ ਸਹੀ ਤਰ੍ਹਾਂ ਲਾਗੂ ਨਹੀਂ ਕਰ ਸਕੀ। ਸੂਬੇ ’ਚ ਸਬੰਧਤ ਹਸਪਤਾਲ ਅੱਜ ਵੀ ਇਨ੍ਹਾਂ ਕਾਰਡਾਂ ’ਤੇ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੇ।
ਪੜ੍ਹੋ ਇਹ ਖਬਰ ਵੀ - ਅਕਾਲੀ ਦਲ ਨਾਲ ਸਾਡਾ ਗਠਜੋੜ ਸਿਰਫ ਪੰਜਾਬ ’ਚ ਹੀ ਹੈ : ਅਸ਼ਵਨੀ ਸ਼ਰਮਾ
ਪਤਨੀ ਅਤੇ ਸਹੁਰਿਆਂ ਤੋਂ ਸਤਾਇਆ ਪਤੀ ਘਰੋਂ ਨਿਕਲਿਆ
NEXT STORY