ਚੰਡੀਗੜ੍ਹ,(ਰਮਨਜੀਤ): ਪੰਜਾਬ ਵਿਧਾਨ ਸਭਾ ਸੈਸ਼ਨ ਉਪਰੰਤ ਮੀਡੀਆ ਨੂੰ ਮੁਖ਼ਾਤਬ ਹੋ ਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਿੱਥੇ ਕਾਂਗਰਸ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲਾਂ ਸਮੇਂ ਦੇ ਸਾਰੇ 'ਮਾਫ਼ੀਆ' ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲ ਲਈ ਹੈ, ਜਦਕਿ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਨਸ਼ਿਆਂ ਅਤੇ ਬੇਅਦਬੀ ਦੇ ਮੁੱਦੇ 'ਤੇ ਕੈਪਟਨ ਸਰਕਾਰ 'ਤੇ ਬਾਦਲਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ। ਚੀਮਾ ਨੇ ਸਰਕਾਰ 'ਤੇ ਲੋਕ ਮਸਲਿਆਂ ਤੋਂ ਭੱਜਣ ਲਈ ਜਾਣਬੁਝ ਕੇ ਛੋਟਾ ਇਜਲਾਸ ਰੱਖਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਨੇ ਹਰੇਕ ਮੁੱਦੇ 'ਤੇ 2 ਦਿਨ ਦੀ ਸੰਜੀਦਾ ਬਹਿਸ ਲਈ ਘੱਟੋ-ਘੱਟ 20 ਦਿਨ ਦਾ ਇਜਲਾਸ ਰੱਖਣ ਦੀ ਮੰਗ ਕੀਤੀ ਸੀ।
ਚੀਮਾ ਨੇ ਕਿਹਾ ਕਿ ਕਾਂਗਰਸ ਨੇ ਵੀ ਸੂਬੇ ਨੂੰ 'ਮਾਫ਼ੀਆ ਰਾਜ' ਤੋਂ ਮੁਕਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਕੇਬਲ ਮਾਫ਼ੀਆ, ਬਿਜਲੀ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ, ਸਿੱਖਿਆ ਮੰਤਰੀ, ਸਿਹਤ ਮਾਫ਼ੀਆ ਵਰਗੇ ਮਾਫ਼ੀਆਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸੂਬੇ 'ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਖਰੜ 'ਚ ਡਰੱਗ ਮਾਫ਼ੀਆ ਦੀ ਸ਼ਹਿ 'ਤੇ ਦਿਨ ਦਿਹਾੜੇ ਮਾਰੀ ਡਰੱਗ ਕੰਟ੍ਰੋਲ ਅਫ਼ਸਰ ਨੇਹਾ ਸੌਰੀ ਦੇ ਮਾਪੇ ਅੱਜ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ, ਪਰ ਕੋਈ ਸੁਣਵਾਈ ਨਹੀਂ। ਦਲਿਤ ਵਿਦਿਆਰਥੀਆਂ ਦੇ 1200 ਕਰੋੜ ਤੋਂ ਵੱਧ ਦੇ ਵਜ਼ੀਫ਼ਾ ਘੁਟਾਲੇ 'ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਬਿਜਲੀ ਦੇ ਰੇਟ ਵਾਰ-ਵਾਰ ਵਧਾਏ ਜਾ ਰਹੇ ਹਨ। ਸ਼ਰਾਬ ਮਾਫ਼ੀਆ ਨਾਲ ਜੁੜੇ ਡਿਫਾਲਟਰ ਠੇਕੇਦਾਰਾਂ 'ਤੇ ਸਰਕਾਰ ਦੀ ਮਿਹਰਬਾਨੀ ਬਣੀ ਹੋਈ ਹੈ ਅਤੇ ਕਰੋੜਾਂ ਦੀ ਚਪਤ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੀ ਹੈ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਅਮਨ ਅਰੋੜਾ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਬੇਅਦਬੀ ਅਤੇ ਡਰੱਗ ਦੇ ਮੁੱਦੇ ਪ੍ਰਮੁੱਖ ਰਹੇ ਹਨ। 'ਆਪ' ਵਲੋਂ ਨਸ਼ਿਆਂ ਦੇ ਮੁੱਦੇ 'ਤੇ ਦਿੱਤਾ ਗਿਆ 'ਧਿਆਨ ਦਿਵਾਊ ਮਤਾ' ਨਿਯਮ ਕਾਨੂੰਨ ਅੱਖੋਂ ਪਰੋਖੇ ਕਰਕੇ ਅਸਵੀਕਾਰ ਕਰ ਦਿੱਤਾ ਗਿਆ, ਜਿਸ 'ਤੇ 'ਆਪ' ਵਿਧਾਇਕਾਂ ਨੂੰ ਮੰਗਲਵਾਰ ਨੂੰ ਸਦਨ 'ਚੋਂ ਰੋਸ ਵਜੋਂ ਵਾਕਆਊਟ ਤੱਕ ਕਰਨਾ ਪਿਆ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਭਖਦੇ ਲੋਕ ਮਸਲਿਆਂ ਦਾ ਸਾਹਮਣਾ ਕਰਨ ਦੀ ਵੀ ਸਮਰੱਥਾ ਨਹੀਂ ਰੱਖਦੀ।
ਕੀ ਹੁਣ ਹੱਲ ਹੋ ਜਾਵੇਗਾ ਕਸ਼ਮੀਰ ਦਾ ਮਸਲਾ ?
NEXT STORY