ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਨੂੰ ਅਜੇ ਮਹਿਜ਼ ਕੁਝ ਮਹੀਨੇ ਹੀ ਹੋਏ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਮੱਤਭੇਦ ਸਾਹਮਣੇ ਆਉਣੇ ਸ਼ੁਰੂ ਵੀ ਹੋ ਗਏ ਹਨ। ਸਿੱਧੂ ਫਾਸਟਵੇਅ ਅਤੇ ਕੇਬਲ ਕੰਪਨੀ 'ਤੇ ਕਾਰਵਾਈ ਕਰਨ ਨੂੰ ਲੈ ਕੇ ਉਤਾਵਲੇ ਹਨ ਜਦਕਿ ਮੁੱਖ ਮੰਤਰੀ ਨੇ ਇਸ ਸੰਬੰਧ ਵਿਚ ਵਿਭਾਗ ਦੇ ਸੈਕਰੇਟਰੀ ਤੋਂ ਜਾਣਕਾਰੀ ਮੰਗੀ ਹੈ। ਸਿੱਧੂ ਨੇ ਵਿਧਾਨ ਸਭਾ ਬਜਟ ਸੈਸ਼ਨ ਵਿਚ ਖੁਲਾਸਾ ਕਰਦਿਆਂ ਕਿਹਾ ਕਿ ਸੀ ਕਿ ਫਾਸਟਵੇਅ ਅਤੇ ਕੇਬਲ ਕੰਪਨੀ ਰਾਹੀਂ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੇਬਲ ਮਾਫੀਆ ਨੇ ਸਰਕਾਰ ਨੂੰ 680 ਕਰੋੜ ਰੁਪਏ ਦਾ ਚੂਨਾ ਲਗਾਇਆ ਸੀ।
ਸਿੱਧੂ ਦਾ ਕਹਿਣਾ ਹੈ ਕਿ 270 ਜੂਨੀਅਰ ਇੰਜੀਨੀਅਰਾਂ ਨਾਲ ਮੈਂ ਬੈਠਕ ਕੀਤੀ। ਸਾਰਿਆਂ ਦਾ ਇਹੋ ਕਹਿਣਾ ਹੈ ਕਿ ਫਾਸਟਵੇਅ ਕੰਪਨੀ ਨੇ ਸੜਕ ਪੁੱਟਣ, ਤਾਰ ਪਾਉਣ ਆਦਿ ਦੀ ਕੋਈ ਮਨਜ਼ੂਰੀ ਨਹੀਂ ਲਈ। ਸਿਰਫ ਜ਼ੀਰਕਪੁਰ 'ਚ ਇਹ ਮਨਜ਼ੂਰੀ ਲਈ ਗਈ ਹੈ। ਸਿੱਧੂ ਕਹਿੰਦੇ ਹਨ ਕਿ ਸਰਕਾਰ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ। ਇਸ ਦੇ ਤਹਿਤ ਤਾਰ ਪਾਉਣ ਦੀ ਮਨਜ਼ੂਰੀ ਨਾ ਲੈਣ ਵਾਲੇ ਕੇਬਲ ਆਪਰੇਟਰਾਂ ਨੂੰ ਵੀ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ। ਜਲਦ ਹੀ ਇਹ ਪਾਲਸੀ ਮਨਜ਼ੂਰੀ ਲਈ ਮੁੱਖ ਮੰਤਰੀ ਕੋਲ ਭੇਜੀ ਜਾਵੇਗੀ।
ਸਿੱਧੂ ਕੋਲੋਂ ਜਦੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਸੈਕਰੇਟਰੀ ਤੋਂ ਜਾਣਕਾਰੀ ਮੰਗੀ ਹੈ ਅਤੇ ਜੇ ਕੁਝ ਗਲਤ ਹੋਇਆ ਹੋਵੇਗਾ ਤਾਂ ਕਾਰਵਾਈ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਪੂਰੀ ਜਾਣਕਾਰੀ ਨਹੀਂ ਹੋਵੇਗੀ। ਇਸ ਸੰਬੰਧ ਵਿਚ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। 23 ਜੂਨ ਨੂੰ ਜਦੋਂ ਸਿੱਧੂ ਨੇ ਫਾਸਟਵੇਅ ਕੰਪਨੀ 'ਤੇ 680 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਲਗਾਇਆ ਸੀ ਤਾਂ ਮੁੱਖ ਮੰਤਰੀ ਸਦਨ 'ਚ ਮੌਜੂਦ ਨਹੀਂ ਸਨ। ਬਾਅਦ ਵਿਚ ਸਿੱਧੂ ਨੇ ਬਕਾਇਦਾ ਇਸ ਦੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਸਨ। ਸਿੱਧੂ ਨੇ ਜਦੋਂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਸੰਭਾਲਿਆ ਹੈ ਉਦੋਂ ਤੋਂ ਹੀ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਜ਼ਿਕਰਯੋਗ ਹੈ ਕਿ ਫਾਸਟਵੇਅ ਕੇਬਲ ਕੰਪਨੀ 'ਤੇ ਬਾਦਲ ਸਰਕਾਰ ਦੇ ਸਮੇਂ ਵੀ ਦੋਸ਼ ਲੱਗਦੇ ਰਹੇ ਹਨ। ਕੰਪਨੀ ਦੇ ਮਾਲਕਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਦੱਸੀ ਜਾਂਦੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕਲ ਬਾਡੀਜ਼ ਵਿਭਾਗ ਸੰਭਾਲਣ ਤੋਂ ਬਾਅਦ ਸਿੱਧੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਹਾਊਸਿੰਗ ਡਿਵਲਪਮੈਂਟ ਵਿਭਾਗ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਦਿੱਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸੰਬੰਧ ਲੋਕਲ ਬਾਡੀਜ਼ ਵਿਭਾਗ ਨਾਲ ਹੈ ਪਰ ਮੁੱਖ ਮੰਤਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਅਹਿਮ ਗੱਲ ਇਹ ਵੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਦੋਂ ਨਵਜੋਤ ਸਿੱਧੂ ਦੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਗਈ ਸੀ ਉਸ ਸਮੇਂ ਵੀ ਕੈਪਟਨ ਇਸ ਪ੍ਰੋਗਰਾਮ ਤੋਂ ਨਾਦਾਰਦ ਰਹੇ ਸਨ।
ਚੰਡੀਗੜ੍ਹ ਦੇ ਮੁੰਡੇ ਨੇ ਅਮਰੀਕਾ 'ਚ ਦਿੱਤਾ ਅਜਿਹਾ ਭਾਸ਼ਣ, ਖੜ੍ਹ ਕੇ ਲੋਕਾਂ ਨੇ ਵਜਾਈਆਂ ਤਾੜੀਆਂ
NEXT STORY