ਜਲੰਧਰ (ਚੋਪੜਾ)— ਲੋਕ ਸਭਾ ਚੋਣਾਂ ਉਪਰੰਤ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ ਪਰ ਪੰਜਾਬ 'ਚ ਮਿਸ਼ਨ-13 ਦੀ ਅਸਫਲਤਾ ਉਪਰੰਤ ਕੈਪਟਨ ਸਰਕਾਰ ਹੌਲੀ-ਹੌਲੀ ਕਦਮ ਰੱਖਣ ਦੇ ਮੂਡ 'ਚ ਹੈ ਕਿਉਂਕਿ ਇਕ ਤਾਂ ਉੱਪ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਪਏਗਾ, ਉਥੇ ਹੀ ਜਿਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਚੋਣਾਂ ਹੋਣੀਆਂ ਹਨ, ਉਨ੍ਹਾਂ 'ਤੇ ਅਕਾਲੀ ਦਲ, ਭਾਜਪਾ ਅਤੇ 'ਆਪ' ਦਾ ਕਬਜ਼ਾ ਰਿਹਾ ਹੈ ਅਤੇ ਕਾਂਗਰਸ ਨੂੰ ਇਨ੍ਹਾਂ ਸਾਰੇ ਹਲਕਿਆਂ 'ਚ ਤਿਕੋਣੇ ਮੁਕਾਬਲੇ ਦਾ ਸਾਹਮਣਾ ਕਰਨਾ ਪਏਗਾ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਕਿਸੇ ਜਲਦਬਾਜ਼ੀ ਦੇ ਮੂਡ 'ਚ ਨਹੀਂ ਹਨ ਕਿਉਂਕਿ ਪੰਜਾਬ 'ਚ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਪਹਿਲਾਂ ਤੋਂ ਹੀ ਹੈ। ਅਜਿਹੇ ਸਮੇਂ ਕੈਪਟਨ ਸਰਕਾਰ ਨੂੰ ਪਾਰਟੀ ਦੀ ਮਰਿਆਦਾ ਨੂੰ ਦਾਅ 'ਤੇ ਲਗਾਉਣ ਦਾ ਕੋਈ ਵਿਚਾਰ ਨਹੀਂ ਦਿਖਾਈ ਦਿੰਦਾ ਹੈ। ਇਸ ਕਾਰਨ ਕੈਪਟਨ ਅਮਰਿੰਦਰ ਸਿੰਘ 'ਵੇਟ ਐਂਡ ਵਾਚ' ਦੀ ਰਣਨੀਤੀ 'ਤੇ ਚੱਲਦੇ ਹੋਏ 'ਆਪ' ਨਾਲ ਸਬੰਧਤ ਸਾਰੇ ਹਲਕਿਆਂ 'ਚ ਕਾਂਗਰਸ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸਿਆਸੀ ਸੂਤਰਾਂ ਦੀ ਮੰਨੀਏ ਤਾਂ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਸੇ ਕਾਰਨ ਬੀਤੇ ਦਿਨੀਂ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਉਥੇ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ 4 ਵਿਧਾਇਕਾਂ ਦੇ ਅਸਤੀਫਿਆਂ ਦਾ ਫੈਸਲਾ ਠੰਡੇ ਬਸਤੇ 'ਚ ਪਾ ਕੇ ਇਕ ਤਰ੍ਹਾਂ ਨਾਲ ਸਾਫਟ ਕਾਰਨਰ 'ਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਫਗਵਾੜਾ ਤੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਸੀਟ ਜਿੱਤ ਕੇ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਬਣ ਚੁੱਕੇ ਹਨ। ਹੁਣ ਜਦਕਿ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ 'ਚ ਉੱਪ ਚੋਣਾਂ ਕਰਵਾਉਣ ਦਾ ਰਸਤਾ ਪੱਧਰਾ ਹੋ ਚੁੱਕਾ ਹੈ। 'ਆਪ' ਵਿਧਾਇਕਾਂ ਨੇ ਲੰਬੇ ਸਮੇਂ ਤੋਂ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਨੂੰ ਭੇਜੇ ਹੋਏ ਹਨ। ਭੁਲੱਥ ਹਲਕਾ ਜਿੱਥੋਂ ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਦਿੱਤਾ ਹੈ ਅਤੇ ਵੱਖਰੀ ਪਾਰਟੀ ਬਣਾਈ। ਉਥੇ ਹੀ ਉਨ੍ਹਾਂ ਨੇ ਬਠਿੰਡਾ 'ਚ ਲੋਕ ਸਭਾ ਚੋਣ ਵੀ ਲੜੀ ਹੈ। ਦਾਖਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਦੇ 'ਆਪ' ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਇਨ੍ਹਾਂ ਤੋਂ ਇਲਾਵਾ ਇਕ ਹੋਰ ਹਲਕਾ ਜੈਤੋਂ ਤੋਂ 'ਆਪ' ਵਿਧਾਇਕ ਬਲਦੇਵ ਸਿੰਘ ਨੇ ਅਸਤੀਫਾ ਦਿੱਤਾ ਅਤੇ ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਉਮੀਦਵਾਰ ਦੇ ਤੌਰ 'ਤੇ ਫਰੀਦਕੋਟ ਸੰਸਦੀ ਖੇਤਰ ਤੋਂ ਚੋਣ ਲੜੇ ਅਤੇ ਉਹ ਹਾਰ ਗਏ। ਹੁਣ ਵਿਧਾਨ ਸਭਾ ਸਪੀਕਰ ਕੋਲ ਪਹੁੰਚੇ 'ਆਪ' ਵਿਧਾਇਕਾਂ ਨਾਲ ਸਬੰਧਤ ਅਸਤੀਫਿਆਂ 'ਤੇ ਫੈਸਲਾ ਪੈਂਡਿੰਗ ਕਰ ਲਿਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਅਜੇ ਕਿੰਨੇ ਹਲਕਿਆਂ 'ਤੇ ਉਪ ਚੋਣਾਂ ਹੋਣਗੀਆਂ। ਇਸ 'ਤੇ ਸਥਿਤੀ ਸਪੱਸ਼ਟ ਨਹੀਂ ਹੈ। ਹਾਲਾਂਕਿ ਜਲਾਲਾਬਾਦ ਤੇ ਫਗਵਾੜਾ ਉੱਪ ਚੋਣਾਂ 'ਚ ਕਾਂਗਰਸ ਦਾ ਦਬਦਬਾ ਕਾਇਮ ਕਰ ਸਕਣਾ ਕੈਪਟਨ ਅਮਰਿੰਦਰ ਸਿੰਘ ਲਈ ਕੋਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਦੋਵੇਂ ਹੀ ਹਲਕਿਆਂ ਵਿਚ ਅਕਾਲੀ ਦਲ ਅਤੇ ਭਾਜਪਾ ਪਹਿਲਾਂ ਤੋਂ ਹੀ ਮਜ਼ਬੂਤ ਸਥਿਤੀ ਵਿਚ ਹੈ ਪਰ ਜੇਕਰ 'ਆਪ' ਨਾਲ ਸਬੰਧਤ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਹਨ ਤਾਂ ਕਾਂਗਰਸ ਲਈ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਲੋਕ ਸਭਾ ਚੋਣਾਂ 'ਚ 4 ਵਿਧਾਨ ਸਭਾ ਖੇਤਰਾਂ ਮਾਨਸਾ, ਭੁਲੱਥ, ਜੈਤੋਂ ਤੇ ਰੋਪੜ ਵਿਚ ਕਾਂਗਰਸ ਨੂੰ ਲੀਡ ਹਾਸਲ ਹੋਈ ਹੈ ਜਦਕਿ ਸਿਰਫ ਦਾਖਾ ਵਿਚ ਹੀ ਕਾਂਗਰਸ ਲੋਕ ਇਨਸਾਫ ਪਾਰਟੀ ਤੋਂ ਪੱਛੜ ਗਈ ਸੀ।
ਦਲ ਬਦਲੂਆਂ 'ਤੇ ਕਾਂਗਰਸ ਦੀ ਨਜ਼ਰ-ਏ-ਇਨਾਇਤ
ਕਾਂਗਰਸ ਸਰਕਾਰ ਦੀ ਦਲ ਬਦਲੂਆਂ 'ਤੇ ਨਜ਼ਰ-ਏ-ਇਨਾਇਤ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰਨ ਦੀ ਬਜਾਏ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ 'ਚ ਮੈਂਬਰ ਚੁਣਿਆ ਗਿਆ ਹੈ। ਹਾਲਾਂਕਿ ਵਿਧਾਇਕ ਐੱਚ. ਐੱਸ. ਫੂਲਕਾ ਇਨ੍ਹਾਂ ਦਲ ਬਦਲੂਆਂ ਦੀ ਕਤਾਰ 'ਚ ਸ਼ਾਮਲ ਨਹੀਂ ਹਨ ਪਰ ਉਨ੍ਹਾਂ ਨੂੰ ਵੀ ਅਸਤੀਫਾ ਦੇਣ ਦੇ ਬਾਵਜੂਦ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਜੋ ਕਿ 'ਆਪ' ਨੂੰ ਛੱਡ ਕੇ ਨਵੀਂ ਪਾਰਟੀ ਨੂੰ ਬਣਾ ਕੇ ਲੋਕ ਸਭਾ ਚੋਣ ਲੜ ਚੁੱਕੇ ਹਨ, ਨੂੰ ਵੀ ਵਿਧਾਨ ਸਭਾ ਟੇਬਲ 'ਤੇ ਰੱਖੇ ਜਾਣ ਵਾਲੇ ਕਾਗਜ਼-ਪੱਤਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇੰਝ ਹੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ 2 ਵਿਧਾਨ ਸਭਾ ਕਮੇਟੀਆਂ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਪਟੀਸ਼ਨ ਕਮੇਟੀ ਦੇ ਨਾਲ ਵਿਸ਼ੇਸ਼ ਅਧਿਕਾਰ ਕਮੇਟੀ ਦਾ ਵੀ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਦਕਿ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਲਾਇਬਰੇਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਉਕਤ ਨਿਯੁਕਤੀਆਂ 'ਚ 'ਆਪ' ਵਿਧਾਇਕਾਂ ਦੀ ਸ਼ਮੂਲੀਅਤ ਮੁੱਖ ਮੰਤਰੀ ਖੇਮੇ ਦੇ ਇਸ਼ਾਰਿਆਂ 'ਤੇ ਹੋਈ ਹੈ ਕਿਉਂਕਿ ਵਿਧਾਨ ਸਭਾ ਦੀਆਂ ਐਲਾਨੀਆਂ ਸਾਰੀਆਂ 13 ਕਮੇਟੀਆਂ 31 ਮਾਰਚ 2020 ਤੱਕ ਕੰਮ ਕਰਨਗੀਆਂ।
ਜਦ 2 'ਆਪ' ਵਿਧਾਇਕ ਕਾਂਗਰਸ 'ਚ ਤਾਂ ਉੱਪ ਚੋਣਾਂ ਦਾ ਰਿਸਕ ਕਿਉਂ ਚੁੱਕੀਏ
ਕਾਂਗਰਸ ਦੇ ਸੀਨੀਅਰ ਮੰਤਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜਦ 'ਆਪ' ਦੇ 2 ਵਿਧਾਇਕ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਤਾਂ ਅਜਿਹੀ ਹੀ ਹਾਲਤ 'ਚ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕਾਂ ਦੇ ਅਸਤੀਫਿਆਂ ਨੂੰ ਮਨਜ਼ੂਰ ਕਰਕੇ ਕਾਂਗਰਸ ਉੱਪ ਚੋਣਾਂ ਦਾ ਜੋਖਮ ਕਿਉਂ ਚੁੱਕੇ। ਉਕਤ ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਅਮਰਜੀਤ ਸਿੰਘ ਸੰਦੋਆ, ਨਾਜਰ ਸਿੰਘ ਮਾਨਸ਼ਾਹੀਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਏ ਸਨ ਅਤੇ ਜੇਕਰ ਰੱਬ ਨਾ ਕਰੇ ਕਿ ਕਾਂਗਰਸ ਇਨ੍ਹਾਂ ਦੋਵਾਂ ਸੀਟਾਂ 'ਤੇ ਹੋਣ ਵਾਲੀਆਂ ਉੱਪ ਚੋਣਾਂ 'ਚ ਹਾਰ ਗਈ ਤਾਂ ਪਾਰਟੀ ਦੀ ਮਰਿਆਦਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਜਾਣਗੇ। ਜਿੱਥੇ ਲੋਕ ਸਭਾ ਚੋਣਾਂ ਵਿਚ ਸਮੁੱਚੇ ਦੇਸ਼ ਵਿਚ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਅਤੇ ਮੋਦੀ ਲਹਿਰ ਕਾਰਨ ਭਾਜਪਾ ਮਜ਼ਬੂਤ ਸਥਿਤੀ ਵਿਚ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋਈ ਹੈ, ਅਜਿਹੀ ਹਾਲਤ ਵਿਚ ਪੰਜਾਬ ਕਾਂਗਰਸ ਕੋਈ ਨਵਾਂ ਰਿਸਕ ਨਹੀਂ ਚੁੱਕਣਾ ਚਾਹੁੰਦੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਦੀ ਸੀਟ ਜਿੱਤਣ ਉਪਰੰਤ ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਨੂੰ 14 ਦਿਨਾਂ ਅੰਦਰ ਸੰਵਿਧਾਨਿਕ ਤੌਰ 'ਤੇ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫਾ ਦੇਣਾ ਲਾਜ਼ਮੀ ਸੀ, ਜਿਸ ਕਾਰਨ ਹੁਣ ਕਾਂਗਰਸ ਸਿਰਫ ਜਲਾਲਾਬਾਦ ਤੇ ਫਗਵਾੜਾ ਉਪ ਚੋਣਾਂ 'ਤੇ ਹੀ ਆਪਣਾ ਧਿਆਨ ਲਾਏਗੀ।
ਭਾਰਤ-ਪਾਕਿ ਮੈਚ: ਜਲੰਧਰੀਏ ਨੇ ਗੁੱਸੇ 'ਚ ਆ ਕੇ ਤੋੜਿਆ ਟੀ. ਵੀ.
NEXT STORY