ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਰਾਤਰੀ ਭੋਜ ਮੌਕੇ ਕਾਂਗਰਸ ਦੀ ਰਾਜਨੀਤੀ 'ਤੇ ਗੰਭੀਰਤਾ ਨਾਲ ਮੰਥਨ ਕੀਤਾ। ਗਹਿਲੋਤ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡਰੱਗਜ਼ 'ਤੇ ਆਯੋਜਿਤ ਕਾਨਫਰੰਸ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ। ਕਾਨਫਰੰਸ ਤੇ ਹੋਰ ਸਿਆਸੀ ਪ੍ਰੋਗਰਾਮਾਂ ਤੋਂ ਵਿਹਲੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗਹਿਲੋਤ ਨੂੰ ਰਾਤ ਨੂੰ ਆਪਣੀ ਰਿਹਾਇਸ਼ ਵਿਖੇ ਰਾਤਰੀ ਭੋਜ ਲਈ ਬੁਲਾਇਆ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਗਹਿਲੋਤ ਨੇ ਆਪਸ 'ਚ ਦੇਸ਼ 'ਚ ਭਾਜਪਾ ਦਾ ਮੁਕਾਬਲਾ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਤੇ ਕਾਂਗਰਸ ਦੀ ਮਜ਼ਬੂਤੀ ਨੂੰ ਲੈ ਕੇ ਆਪਸ ਵਿਚ ਗੰਭੀਰ ਵਿਚਾਰ-ਵਟਾਂਦਰਾ ਕੀਤਾ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਅਗਲੇ ਕੁਝ ਦਿਨਾਂ ਵਿਚ ਹੋਣੀ ਹੈ। ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਜਿਥੇ ਕਾਂਗਰਸ ਨੂੰ ਰਾਸ਼ਟਰੀ ਪੱਧਰ 'ਤੇ ਮਜ਼ਬੂਤ ਬਣਾਉਣ ਦੇ ਵੱਖ-ਵੱਖ ਉਪਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ, ਉਥੇ ਹੀ ਦੂਜੇ ਪਾਸੇ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਕਾਂਗਰਸ ਸ਼ਾਸਿਤ ਸੂਬਿਆਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੇ ਵਿਸ਼ੇ ਵਿਚ ਵੀ ਵਿਚਾਰ ਵਟਾਂਦਰਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਪਿਛਲੇ ਦੋ ਸਾਲਾਂ ਵਿਚ ਕਾਂਗਰਸ ਵਲੋਂ ਚੁੱਕੇ ਗਏ ਕਦਮਾਂ ਬਾਰੇ ਗਹਿਲੋਤ ਨੂੰ ਦੱਸਿਆ। ਗਹਿਲੋਤ ਨੇ ਪੰਜਾਬ ਵਿਚ ਕਿਸਾਨ ਕਰਜ਼ਾ ਮੁਆਫੀ ਤੇ ਇੰਡਸਟਰੀ ਲਈ ਸਰਕਾਰ ਵਲੋਂ ਲਾਗੂ ਨਵੀਂ ਉਦਯੋਗਿਕ ਨੀਤੀ ਦੀ ਸ਼ਲਾਘਾ ਵੀ ਕੀਤੀ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਰਾਤਰੀ ਭੋਜ ਵਿਚ ਕੁਝ ਕਰੀਬੀ ਲੋਕਾਂ ਨੂੰ ਵੀ ਸੱਦਾ ਦਿੱਤਾ ਸੀ। ਇਸ ਦੌਰਾਨ ਦੋਵਾਂ ਆਗੂਆਂ ਦਰਮਿਆਨ ਚਰਚਾ ਦਾ ਵਿਸ਼ਾ ਜ਼ਿਆਦਾਤਰ ਕਾਂਗਰਸ ਦੀ ਮਜ਼ਬੂਤੀ ਨਾਲ ਜੁੜਿਆ ਰਿਹਾ। ਗਹਿਲੋਤ ਨੇ ਪਾਰਟੀ ਵਿਚ ਰਾਸ਼ਟਰੀ ਪੱਧਰ 'ਤੇ ਜਨਰਲ ਸਕੱਤਰ ਦੇ ਅਹੁਦੇ 'ਤੇ ਕੰਮ ਕੀਤਾ ਹੈ ਤੇ ਗੁਜਰਾਤ ਚੋਣਾਂ ਵਿਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਗਹਿਲੋਤ ਦੇ ਹੱਥਾਂ ਵਿਚ ਰਾਜਸਥਾਨ ਦੀ ਕਮਾਨ ਆਈ ਹੈ। ਗਹਿਲੋਤ ਨੇ ਵੀ ਆਪਣੇ ਸੂਬੇ ਵਿਚ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕੀਤਾ ਹੋਇਆ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਕਦਮ ਚੁੱਕੇ ਜਾਣੇ ਚਾਹੀਦੇ ਹਨ ਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ।
'ਕੈਨੇਡੀਅਨ PM ਬਣਿਆ ਤਾਂ ਸਪਾਂਸਰਸ਼ਿਪ ਵਾਲਾ ਪ੍ਰੋਗਰਾਮ ਖਤਮ ਕਰ ਦਿਆਂਗਾ'
NEXT STORY